- ਸਕਾਰਪੀਓ ਨੂੰ ਲੱਗੀ ਅੱਗ, ਡਰਾਈਵਰ ਵੀ ਜ਼ਿੰਦਾ ਸੜਿਆ
ਅੰਮ੍ਰਿਤਸਰ, 1 ਅਕਤੂਬਰ (ਦੇਸ਼ ਕਲਿੱਕ ਬਿਊਰੋ): ਅੰਮ੍ਰਿਤਸਰ-ਤਰਨਤਾਰਨ ਬਾਈਪਾਸ ’ਤੇ ਵੀਰਵਾਰ (1 ਅਕਤੂਬਰ) ਨੂੰ ਮਾਨਾਂਵਾਲਾ ਨੇੜੇ ਸਕਾਰਪੀਓ ਕਾਰ ਦੀ ਤਾਰਕੋਲ ਨਾਲ ਭਰੇ ਟਿੱਪਰ ਨਾਲ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਸਕਾਰਪੀਓ ਨੂੰ ਅੱਗ ਲੱਗ ਗਈ, ਜਿਸ ਕਾਰਨ ਕਾਰ ਚਲਾ ਰਹੇ 25 ਸਾਲਾ ਨੌਜਵਾਨ ਦੀ ਅੰਦਰ ਹੀ ਸੜਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੋਇੰਦਵਾਲ ਸਾਹਿਬ, ਤਰਨਤਾਰਨ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਗੁਰਿੰਦਰ ਸਿੰਘ ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਸੀ। ਮਾਨਾਂਵਾਲਾ ਨੇੜੇ ਉਸ ਦੀ ਸਕਾਰਪੀਓ ਅੱਗੇ ਜਾ ਰਹੇ ਟਿੱਪਰ ਵਿੱਚ ਪਿੱਛੇ ਤੋਂ ਜਾ ਵੱਜੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਟਿੱਪਰ ਦੇ ਪਿੱਛੇ ਫਸ ਗਈ ਅਤੇ ਉਸ ਨੂੰ ਅੱਗ ਲੱਗ ਗਈ। ਗੰਭੀਰ ਸੱਟਾਂ ਕਾਰਨ ਗੁਰਿੰਦਰ ਕਾਰ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਡਰਾਈਵਿੰਗ ਸੀਟ ’ਤੇ ਹੀ ਫਸਿਆ ਰਹਿ ਗਿਆ।
ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ ਮਿਲੀ ਸਫ਼ਲਤਾ
ਚਸ਼ਮਦੀਦਾਂ ਮੁਤਾਬਕ ਰਾਹਗੀਰਾਂ ਅਤੇ ਨੇੜਲੇ ਦੁਕਾਨਦਾਰਾਂ ਨੇ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਪਾਣੀ ਦੀਆਂ ਮੋਟਰਾਂ, ਪਾਈਪਾਂ ਅਤੇ ਕੀਟਨਾਸ਼ਕ ਸਪਰੇਅ ਵਾਲੀਆਂ ਟੈਂਕੀਆਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ।
ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚਣ ਵਿੱਚ ਦੇਰੀ ਹੋਈ। ਉਨ੍ਹਾਂ ਮੁਤਾਬਕ ਕਰੀਬ 45 ਮਿੰਟ ਤੋਂ ਇੱਕ ਘੰਟੇ ਬਾਅਦ ਅੱਗ ਬੁਝਾਉਣ ਵਾਲੀ ਗੱਡੀ ਪਹੁੰਚੀ। ਪੁਲਿਸ ਅਨੁਸਾਰ ਅੰਮ੍ਰਿਤਸਰ ਦੀ ਫਾਇਰ ਬ੍ਰਿਗੇਡ ਦੀ ਗੱਡੀ ਖ਼ਰਾਬ ਹੋਣ ਕਾਰਨ ਤਰਨਤਾਰਨ ਤੋਂ ਗੱਡੀ ਬੁਲਾਉਣੀ ਪਈ।
ਟਿੱਪਰ ਚਾਲਕ ਫ਼ਰਾਰ, ਪੁਲਿਸ ਵੱਲੋਂ ਭਾਲ ਜਾਰੀ
ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਹਰਜੀਤ ਸਿੰਘ ਨੇ ਦੱਸਿਆ ਕਿ ਗੁਰਿੰਦਰ ਸਿੰਘ ਘਰਾਂ ਵਿੱਚ ਪੀਵੀਸੀ ਫਿਟਿੰਗ ਦਾ ਕੰਮ ਕਰਦਾ ਸੀ ਅਤੇ ਸਾਮਾਨ ਲੈਣ ਲਈ ਅੰਮ੍ਰਿਤਸਰ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਫ਼ਰਾਰ ਟਿੱਪਰ ਚਾਲਕ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।







