BREAKING- ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰ ਨਸੀਮ ਦੁਰਾਨੀ ਢੇਰ, ਦਾਊਦ ਇਬਰਾਹਿਮ ਤੇ ਛੋਟਾ ਸ਼ਕੀਲ ਨਾਲ ਜੁੜੇ ਸਨ ਤਾਰ
ਬੁਲੰਦਸ਼ਹਿਰ, 20 ਨਵੰਬਰ 2026: ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਨੋਇਡਾ ਐੱਸਟੀਐੱਫ ਅਤੇ ਦਿੱਲੀ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਕਥਿਤ ਗੈਂਗਸਟਰ ਨਸੀਮ ਦੁਰਾਨੀ ਮੁਕਾਬਲੇ ਵਿੱਚ ਮਾਰਿਆ ਗਿਆ। ਉਹ ਕਈ ਅਪਰਾਧਿਕ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ।
ਜਾਣਕਾਰੀ ਅਨੁਸਾਰ, ਨਸੀਮ ਦੁਰਾਨੀ ਦੇ ਸਬੰਧ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਗਿਰੋਹ ਅਤੇ ਛੋਟਾ ਸ਼ਕੀਲ ਨਾਲ ਦੱਸੇ ਜਾਂਦੇ ਸਨ। ਜਾਂਚ ਏਜੰਸੀਆਂ ਦੇ ਦਾਅਵਿਆਂ ਮੁਤਾਬਕ, ਸਾਲ 2016-17 ਦੌਰਾਨ ਛੋਟਾ ਸ਼ਕੀਲ ਨੇ ਉਸ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਛੋਟਾ ਰਾਜਨ ਦੀ ਹੱਤਿਆ ਦੀ ਸੁਪਾਰੀ ਦਿੱਤੀ ਸੀ।
ਦੁਰਾਨੀ ਦਿੱਲੀ ਵਿੱਚ ਦਰਜ ਇੱਕ ਕਤਲ ਦੇ ਮਾਮਲੇ ਵਿੱਚ ਵੀ ਲੋੜੀਂਦਾ ਸੀ। ਇਸ ਤੋਂ ਇਲਾਵਾ, 16 ਨਵੰਬਰ ਨੂੰ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਦੇ ਦਫ਼ਤਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਵੀ ਪੁਲਿਸ ਉਸ ਦੀ ਭਾਲ ਕਰ ਰਹੀ ਸੀ।
ਸਾਂਝੀ ਪੁਲਿਸ ਕਾਰਵਾਈ ਵਿੱਚ ਉਸ ਦੇ ਮਾਰੇ ਜਾਣ ਤੋਂ ਬਾਅਦ ਹੁਣ ਜਾਂਚ ਏਜੰਸੀਆਂ ਵੱਲੋਂ ਉਸ ਦੇ ਅਪਰਾਧਿਕ ਨੈੱਟਵਰਕ ਅਤੇ ਹੋਰ ਸੰਭਾਵਿਤ ਸਾਥੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।





