- ਪਿਕਨਿਕ ਮਨਾਉਣ ਗਏ 8 ਵਿਦਿਆਰਥੀਆਂ ਦੀ ਡੁੱਬਣ ਨਾਲ ਮੌਤ
ਰਾਇਗੜ੍ਹ: ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ ਦੇ ਦੀਵੇਆਗਰ ਬੀਚ ’ਤੇ ਪਿਕਨਿਕ ਮਨਾਉਣ ਗਏ 8 ਵਿਦਿਆਰਥੀਆਂ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਮੁਤਾਬਕ, ਸਾਰੇ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਸਾਰੇ ਮ੍ਰਿਤਕ ਲੜਕੇ ਹਨ।
ਜਾਣਕਾਰੀ ਅਨੁਸਾਰ, ਪੁਣੇ ਦੇ ਆਲੰਦੀ ਇਲਾਕੇ ਤੋਂ 48 ਲੋਕਾਂ ਦਾ ਇੱਕ ਗਰੁੱਪ ਪਿਕਨਿਕ ਲਈ ਦੀਵੇਆਗਰ ਬੀਚ ਪਹੁੰਚਿਆ ਸੀ। ਇਸ ਗਰੁੱਪ ਵਿੱਚ 25 ਲੜਕੇ, 17 ਲੜਕੀਆਂ ਅਤੇ 6 ਅਧਿਆਪਕ ਸ਼ਾਮਲ ਸਨ। ਵਿਦਿਆਰਥੀ ‘ਵਿਨਰਜ਼ ਅਕੈਡਮੀ’ ਨਾਲ ਸਬੰਧਤ ਸਨ ਅਤੇ 11ਵੀਂ ਤੇ 12ਵੀਂ ਜਮਾਤ ਵਿੱਚ ਪੜ੍ਹਦੇ ਸਨ।
ਦੱਸਿਆ ਜਾ ਰਿਹਾ ਹੈ ਕਿ ਗਰੁੱਪ ਵਿੱਚੋਂ 8 ਵਿਦਿਆਰਥੀ ਸਮੁੰਦਰ ਵਿੱਚ ਨਹਾਉਣ ਲਈ ਉਤਰੇ, ਪਰ ਪਾਣੀ ਦੀ ਡੂੰਘਾਈ ਅਤੇ ਤੇਜ਼ ਵਹਾਅ ਦਾ ਅੰਦਾਜ਼ਾ ਨਾ ਲਗਾ ਸਕਣ ਕਾਰਨ ਡੁੱਬ ਗਏ। ਸੂਚਨਾ ਮਿਲਣ ਤੋਂ ਬਾਅਦ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ।
ਦੀਵੇਆਗਰ ਬੀਚ ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ ਦੀ ਸ਼੍ਰੀਵਰਧਨ ਤਹਿਸੀਲ ਵਿੱਚ ਅਰਬ ਸਾਗਰ ਦੇ ਕੰਢੇ ਸਥਿਤ ਹੈ। ਇਹ ਇਲਾਕਾ ਆਪਣੇ ਲੰਮੇ ਰੇਤਲੇ ਬੀਚ ਅਤੇ ਨਾਰੀਅਲ ਤੇ ਸੁਪਾਰੀ ਦੇ ਦਰੱਖਤਾਂ ਲਈ ਜਾਣਿਆ ਜਾਂਦਾ ਹੈ।







