ਜਲਾਲਾਬਾਦ ’ਚ DSP ਦਫ਼ਤਰ ਦੇ ਬਾਹਰ ਫਾਇਰਿੰਗ, 2 ਮੁਲਜ਼ਮ ਗ੍ਰਿਫ਼ਤਾਰ

Top Trending News ਪੰਜਾਬ
  • ਜਲਾਲਾਬਾਦ ’ਚ DSP ਦਫ਼ਤਰ ਦੇ ਬਾਹਰ ਫਾਇਰਿੰਗ, 2 ਮੁਲਜ਼ਮ ਗ੍ਰਿਫ਼ਤਾਰ

ਫਾਜ਼ਿਲਕਾ, 2 ਅਕਤੂਬਰ (ਦੇਸ਼ ਕਲਿੱਕ ਬਿਊਰੋ): ਜਲਾਲਾਬਾਦ ਵਿੱਚ DSP ਲਵਦੀਪ ਸਿੰਘ ਗਿੱਲ ਦੇ ਦਫ਼ਤਰ ਦੇ ਬਾਹਰ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ, 3-4 ਮੋਟਰਸਾਈਕਲਾਂ ’ਤੇ ਸਵਾਰ ਨੌਜਵਾਨ ਲਾਲ ਬੱਤੀ ਚੌਕ ਵੱਲੋਂ ਆਏ ਅਤੇ DSP ਦਫ਼ਤਰ ਦੇ ਬਾਹਰ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਕੁਝ ਨੌਜਵਾਨ ਦਫ਼ਤਰ ਦੇ ਅੰਦਰ ਵੀ ਦਾਖ਼ਲ ਹੋ ਗਏ। ਸੂਚਨਾ ਮਿਲਣ ’ਤੇ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਥੋੜ੍ਹੀ ਦੇਰ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਨਾਜਾਇਜ਼ .32 ਬੋਰ ਪਿਸਤੌਲ ਬਰਾਮਦ ਕੀਤੀ ਹੈ।

ਦੋ ਗੁੱਟਾਂ ਦੀ ਪੁਰਾਣੀ ਰੰਜਿਸ਼ ਕਾਰਨ ਹੋਈ ਫਾਇਰਿੰਗ
ਸਿਟੀ ਜਲਾਲਾਬਾਦ ਦੇ ਥਾਣਾ ਮੁਖੀ ਮੋਹਿਤ ਧਵਨ ਮੁਤਾਬਕ, ਵੀਰਵਾਰ ਸ਼ਾਮ ਕਰੀਬ 7 ਵਜੇ DSP ਦਫ਼ਤਰ ਦੇ ਸਾਹਮਣੇ ਫਾਇਰਿੰਗ ਹੋਈ। ਘਟਨਾ ਤੋਂ ਬਾਅਦ ਕੁਝ ਨੌਜਵਾਨ ਫ਼ਰਾਰ ਹੋ ਗਏ, ਜਦਕਿ ਦੋ ਨੂੰ ਕਾਬੂ ਕਰ ਲਿਆ ਗਿਆ। DSP ਹੈੱਡਕੁਆਰਟਰ ਲਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਥਾੜਾ ਸਿੰਘ ਵਾਲਾ ਦੇ ਆਕਾਸ਼ਦੀਪ ਅਤੇ ਕੁਲਵੰਤ ਗੁੱਟ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਘਟਨਾ ਵਾਲੀ ਸ਼ਾਮ ਦੋਵੇਂ ਗੁੱਟ ਆਹਮੋ-ਸਾਹਮਣੇ ਆ ਗਏ। ਇਸ ਦੌਰਾਨ ਆਕਾਸ਼ਦੀਪ ਅਤੇ ਸੋਨਾ ਸਿੰਘ ਮੋਟਰਸਾਈਕਲ ’ਤੇ ਭੱਜਣ ਲੱਗੇ ਤਾਂ ਦੂਜੇ ਗੁੱਟ ਦੇ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ।

DSP ਦਫ਼ਤਰ ਦੇ ਸਾਹਮਣੇ ਮੋਟਰਸਾਈਕਲ ਫਿਸਲਣ ਕਾਰਨ ਦੋਵੇਂ ਡਿੱਗ ਪਏ। ਇਸ ਦੌਰਾਨ ਉੱਥੇ ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਪਿਸਤੌਲ ਵੀ ਡਿੱਗ ਪਈ। ਦਫ਼ਤਰ ਦੇ ਮੁਲਾਜ਼ਮਾਂ ਨੇ ਦੋਵਾਂ ਨੂੰ ਕਾਬੂ ਕਰ ਲਿਆ।

ਮੁਲਜ਼ਮਾਂ ਕੋਲੋਂ ਪਿਸਤੌਲ ਬਰਾਮਦ
ਪੁਲਿਸ ਮੁਤਾਬਕ, ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਮੀਰ ਖ਼ਾਸ ਦੇ ਰਹਿਣ ਵਾਲੇ ਸੋਨਾ ਸਿੰਘ ਉਰਫ਼ ਸੋਨੂੰ ਅਤੇ ਥਾਣਾ ਵੈਰੋਕੇ ਇਲਾਕੇ ਦੇ ਵਸਨੀਕ ਆਕਾਸ਼, ਪੁੱਤਰ ਪਰਮਜੀਤ, ਵਜੋਂ ਹੋਈ ਹੈ। ਦੋਵਾਂ ਕੋਲੋਂ ਨਾਜਾਇਜ਼ .32 ਬੋਰ ਪਿਸਤੌਲ ਬਰਾਮਦ ਕੀਤੀ ਗਈ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ DSP ਦਫ਼ਤਰ ਦੇ ਬਾਹਰ ਚਲਾਈਆਂ ਗਈਆਂ ਗੋਲੀਆਂ ਇਸੇ ਪਿਸਤੌਲ ਨਾਲ ਚਲਾਈਆਂ ਗਈਆਂ ਸਨ ਜਾਂ ਨਹੀਂ।

ਇੱਕ ਜਾਂ ਤਿੰਨ ਰਾਊਂਡ ਫਾਇਰਿੰਗ ? ਜਾਂਚ ਜਾਰੀ
ਥਾਣਾ ਮੁਖੀ ਮੋਹਿਤ ਧਵਨ ਨੇ ਦੱਸਿਆ ਕਿ ਸ਼ੁਰੂਆਤੀ ਸੂਚਨਾ ਵਿੱਚ ਇੱਕ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਸੀ, ਜਦਕਿ ਤਿੰਨ ਰਾਊਂਡ ਫਾਇਰਿੰਗ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਪੁਲਿਸ ਇਸ ਪਹਿਲੂ ਦੀ ਜਾਂਚ ਕਰ ਰਹੀ ਹੈ ਅਤੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।