ਸ੍ਰੀ ਸਿਟੀ ਦੀ ਫਾਰਮਾ ਯੂਨਿਟ ’ਚ ਬਾਇਲਰ ਧਮਾਕਾ, 5 ਮਜ਼ਦੂਰਾਂ ਦੀ ਮੌਤ; 10 ਗੰਭੀਰ ਜ਼ਖ਼ਮੀ

Top Trending News ਰਾਸ਼ਟਰੀ

ਸ੍ਰੀ ਸਿਟੀ ਦੀ ਫਾਰਮਾ ਯੂਨਿਟ ’ਚ ਬਾਇਲਰ ਧਮਾਕਾ, 5 ਮਜ਼ਦੂਰਾਂ ਦੀ ਮੌਤ; 10 ਗੰਭੀਰ ਜ਼ਖ਼ਮੀ

ਤਿਰੁਪਤੀ, 3 ਅਕਤੂਬਰ 2026- ਆਂਧਰਾ ਪ੍ਰਦੇਸ਼ ਦੇ ਤਿਰੁਪਤੀ ਜ਼ਿਲ੍ਹੇ ਦੇ ਸਤਿਆਵੇਦੂ ਮੰਡਲ ਅਧੀਨ ਸ੍ਰੀ ਸਿਟੀ ਉਦਯੋਗਿਕ ਖੇਤਰ ਵਿੱਚ ਸ਼ੁੱਕਰਵਾਰ ਨੂੰ ਇੱਕ ਨਿੱਜੀ ਫਾਰਮਾਸਿਊਟੀਕਲ ਕੰਪਨੀ ਵਿੱਚ ਵੱਡਾ ਹਾਦਸਾ ਵਾਪਰਿਆ। ਕੰਪਨੀ ਦੇ ਬਾਇਲਰ ਵਿੱਚ ਹੋਏ ਅਚਾਨਕ ਧਮਾਕੇ ਕਾਰਨ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਪੁਲਿਸ ਮੁਤਾਬਕ ਧਮਾਕਾ ਸ੍ਰੀ ਸਿਟੀ ਸਥਿਤ ਇੱਕ ਨਿੱਜੀ ਫਾਰਮਾ ਯੂਨਿਟ ਵਿੱਚ ਹੋਇਆ। ਧਮਾਕੇ ਦੀ ਤੀਬਰਤਾ ਕਾਰਨ ਉੱਥੇ ਕੰਮ ਕਰ ਰਹੇ ਕਈ ਮਜ਼ਦੂਰ ਇਸ ਦੀ ਲਪੇਟ ਵਿੱਚ ਆ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ। ਰਾਹਤ ਤੇ ਬਚਾਅ ਕਰਮਚਾਰੀਆਂ ਨੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ।

ਹਾਦਸੇ ਤੋਂ ਬਾਅਦ ਅਧਿਕਾਰੀਆਂ ਨੇ ਕੰਪਨੀ ਦੇ ਪਰਿਸਰ ਨੂੰ ਸੁਰੱਖਿਅਤ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਇਲਰ ਵਿੱਚ ਧਮਾਕਾ ਕਿਨ੍ਹਾਂ ਹਾਲਾਤਾਂ ਵਿੱਚ ਹੋਇਆ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਆਂਧਰਾ ਪ੍ਰਦੇਸ਼ ਦੇ ਸਿੱਖਿਆ ਅਤੇ ਆਈਟੀ ਮੰਤਰੀ ਨਾਰਾ ਲੋਕੇਸ਼ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਜ਼ਖ਼ਮੀਆਂ ਦਾ ਬਿਹਤਰ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।