Breaking: ਯੂਨੀਫਾਰਮ ਸਿਵਲ ਕੋਡ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ, ਇਸ ਸੂਬੇ ‘ਚ ਹੋਇਆ ਲਾਗੂ
ਅਹਿਮਦਾਬਾਦ 3 ਅਕਤੂਬਰ 2026
ਗੁਜਰਾਤ ਵਿੱਚ ਯੂਨੀਫਾਰਮ ਸਿਵਲ ਕੋਡ (UCC) ਲਾਗੂ ਕਰਨ ਵੱਲ ਅਹਿਮ ਕਦਮ ਚੁੱਕਿਆ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਜਰਾਤ ਯੂਨੀਫਾਰਮ ਸਿਵਲ ਕੋਡ ਬਿੱਲ, 2026 ਨੂੰ 17 ਸਤੰਬਰ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਤੋਂ ਬਾਅਦ ਕਾਨੂੰਨ ਨੂੰ ਗੁਜਰਾਤ ਸਰਕਾਰ ਦੇ ਅਸਾਧਾਰਣ ਗਜ਼ਟ ਵਿੱਚ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤਾ ਗਿਆ। ਰਾਸ਼ਟਰਪਤੀ ਭਵਨ ਦੀ ਅਧਿਕਾਰਤ ਸੂਚੀ ਵਿੱਚ ਵੀ ਗੁਜਰਾਤ UCC ਬਿੱਲ ਨੂੰ 17 ਸਤੰਬਰ ਦੀ ਮਨਜ਼ੂਰੀ ਵਾਲੇ ਰਾਜ ਬਿੱਲ ਵਜੋਂ ਦਰਜ ਕੀਤਾ ਗਿਆ ਹੈ।
ਗੁਜਰਾਤ ਵਿਧਾਨ ਸਭਾ ਨੇ ਇਹ ਬਿੱਲ 24 ਮਾਰਚ 2026 ਨੂੰ ਪਾਸ ਕੀਤਾ ਸੀ। ਕਾਨੂੰਨ ਦਾ ਉਦੇਸ਼ ਵਿਆਹ, ਤਲਾਕ, ਵਿਰਾਸਤ ਅਤੇ ਲਿਵ-ਇਨ ਰਿਸ਼ਤਿਆਂ ਨਾਲ ਸਬੰਧਤ ਮਾਮਲਿਆਂ ਲਈ ਇੱਕ ਸਾਂਝਾ ਕਾਨੂੰਨੀ ਢਾਂਚਾ ਮੁਹੱਈਆ ਕਰਵਾਉਣਾ ਹੈ।
ਹਾਲਾਂਕਿ, ਇੱਕ ਅਹਿਮ ਗੱਲ ਇਹ ਹੈ ਕਿ ਰਾਸ਼ਟਰਪਤੀ ਦੀ ਮਨਜ਼ੂਰੀ ਅਤੇ ਗਜ਼ਟ ਵਿੱਚ ਪ੍ਰਕਾਸ਼ਨ ਤੋਂ ਬਾਅਦ ਵੀ ਕਾਨੂੰਨ ਦੀਆਂ ਵਿਵਸਥਾਵਾਂ ਤੁਰੰਤ ਪ੍ਰਭਾਵ ਨਾਲ ਲਾਗੂ ਨਹੀਂ ਹੁੰਦੀਆਂ।ਕਾਨੂੰਨ ਵਿੱਚ ਦਰਜ ਹੈ ਕਿ ਇਸ ਦੇ ਲਾਗੂ ਹੋਣ ਦੀ ਤਾਰੀਖ ਗੁਜਰਾਤ ਸਰਕਾਰ ਵੱਲੋਂ ਵੱਖਰੀ ਗਜ਼ਟ ਨੋਟੀਫਿਕੇਸ਼ਨ ਰਾਹੀਂ ਨਿਰਧਾਰਤ ਕੀਤੀ ਜਾਵੇਗੀ।
ਇਸ ਤਰ੍ਹਾਂ ਗੁਜਰਾਤ UCC ਨੂੰ ਰਾਸ਼ਟਰਪਤੀ ਦੀ ਸੰਵਿਧਾਨਕ ਮਨਜ਼ੂਰੀ ਮਿਲ ਚੁੱਕੀ ਹੈ, ਜਦਕਿ ਇਸ ਦੀ ਅਸਲ ਲਾਗੂ ਤਾਰੀਖ ਸੂਬਾ ਸਰਕਾਰ ਵੱਲੋਂ ਨਿਰਧਾਰਤ ਕੀਤੀ ਜਾਣੀ ਹੈ।







