ਬਹਿਰੀਨ ਵਾਲੀ ਬੀਬੀ ਦੀ ਵਾਇਰਲ ਆਡੀਓ ’ਤੇ ਵਲਟੋਹਾ ਦੀ ਪ੍ਰੈੱਸ ਕਾਨਫਰੰਸ, ਫੋਰੈਂਸਿਕ ਜਾਂਚ ਦੀ ਕੀਤੀ ਮੰਗ

Top Trending News ਪੰਜਾਬ
  • ਬਹਿਰੀਨ ਵਾਲੀ ਬੀਬੀ ਦੀ ਵਾਇਰਲ ਆਡੀਓ ’ਤੇ ਵਲਟੋਹਾ ਦੀ ਪ੍ਰੈੱਸ ਕਾਨਫਰੰਸ, ਫੋਰੈਂਸਿਕ ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ, 3 ਅਕਤੂਬਰ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਬਹਿਰੀਨ ਵਿੱਚ ਰਹਿਣ ਵਾਲੀ ਮਹਿਲਾ ਨਾਲ ਸਬੰਧਤ ਵਾਇਰਲ ਆਡੀਓ ਨੂੰ ਲੈ ਕੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨਾਲ ਜੋੜ ਕੇ ਵਾਇਰਲ ਕੀਤੀ ਜਾ ਰਹੀ ਆਡੀਓ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਰਾਹੀਂ ਤਿਆਰ ਕਰਕੇ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਆਡੀਓ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਮੰਗ ਕੀਤੀ।

ਵਲਟੋਹਾ ਨੇ ਕਿਹਾ ਕਿ ਉਹ ਨਾ ਤਾਂ ਕਦੇ ਇਸ ਮਹਿਲਾ ਨੂੰ ਮਿਲੇ ਹਨ ਅਤੇ ਨਾ ਹੀ ਵਾਇਰਲ ਆਡੀਓ ਵਿੱਚ ਕੀਤੇ ਜਾ ਰਹੇ ਦਾਅਵਿਆਂ ਮੁਤਾਬਕ ਉਨ੍ਹਾਂ ਦੀ ਕੋਈ ਗੱਲਬਾਤ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ, ਕਿਸਾਨਾਂ ਤੇ ਮੁਲਾਜ਼ਮਾਂ ਦੇ ਧਰਨਿਆਂ, ਕਾਨੂੰਨ-ਵਿਵਸਥਾ ਅਤੇ ਫਿਰੌਤੀ ਵਰਗੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਹਿਲਾ ਨਾਲ ਸੰਪਰਕ ਹੋਣ ਬਾਰੇ ਵੀ ਦਿੱਤੀ ਜਾਣਕਾਰੀ
ਵਲਟੋਹਾ ਮੁਤਾਬਕ, ਜਦੋਂ ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਜੁੜੇ ਕੁਝ ਮਾਮਲਿਆਂ ਨੂੰ ਜਨਤਕ ਕਰਨਾ ਸ਼ੁਰੂ ਕੀਤਾ ਸੀ, ਉਸੇ ਦੌਰਾਨ ਬਹਿਰੀਨ ਵਿੱਚ ਰਹਿਣ ਵਾਲੀ ਮਹਿਲਾ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮਹਿਲਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਬਹਿਰੀਨ ਦੌਰੇ ਅਤੇ ਪ੍ਰੋਫੈਸਰ ਰਮਨਦੀਪ ਕੌਰ ਨਾਲ ਸਬੰਧਤ ਕੁਝ ਤਸਵੀਰਾਂ ਵੀ ਭੇਜੀਆਂ ਸਨ। ਉਨ੍ਹਾਂ ਕਿਹਾ ਕਿ ਕੁਝ ਵਾਰ ਗੱਲਬਾਤ ਹੋਣ ਤੋਂ ਬਾਅਦ ਉਨ੍ਹਾਂ ਨੇ ਮਹਿਲਾ ਤੋਂ ਦੂਰੀ ਬਣਾ ਲਈ ਸੀ।

ਵਲਟੋਹਾ ਨੇ ਦੱਸਿਆ ਕਿ ਜੂਨ ਵਿੱਚ ਜਦੋਂ ਮਹਿਲਾ ਅੰਮ੍ਰਿਤਸਰ ਆਈ ਸੀ ਤਾਂ ਉਸ ਦਾ ਫੋਨ ਆਇਆ ਸੀ। ਮਹਿਲਾ ਨੇ ਕਥਿਤ ਤੌਰ ’ਤੇ ਦੱਸਿਆ ਸੀ ਕਿ ਉਹ ਤਿੰਨ ਦਿਨਾਂ ਤੋਂ ਹਰਗੋਬਿੰਦ ਨਿਵਾਸ ਵਿੱਚ ਰਹਿ ਰਹੀ ਹੈ ਅਤੇ ਉਸ ਨੂੰ ਕਿਰਾਇਆ ਦੇਣਾ ਪੈ ਰਿਹਾ ਹੈ। ਵਲਟੋਹਾ ਅਨੁਸਾਰ, ਮਹਿਲਾ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਸੀ, ਪਰ ਉਨ੍ਹਾਂ ਨੇ ਇਕੱਲਿਆਂ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।

ਤਿੰਨ ਵੌਇਸ ਮੈਸੇਜ ਸੁਣਾਉਣ ਦਾ ਕੀਤਾ ਦਾਅਵਾ
ਪ੍ਰੈੱਸ ਕਾਨਫਰੰਸ ਦੌਰਾਨ ਵਲਟੋਹਾ ਨੇ ਮਹਿਲਾ ਨਾਲ ਹੋਈ ਗੱਲਬਾਤ ਦੇ ਤਿੰਨ ਵੌਇਸ ਮੈਸੇਜ ਵੀ ਸੁਣਾਏ। ਉਨ੍ਹਾਂ ਦਾਅਵਾ ਕੀਤਾ ਕਿ ਮਹਿਲਾ ਨੇ ਬਾਅਦ ਵਿੱਚ ਆਪਣੇ ਭੇਜੇ ਮੈਸੇਜ ਡਿਲੀਟ ਕਰ ਦਿੱਤੇ ਸਨ, ਪਰ ਉਨ੍ਹਾਂ ਨੇ ਇਹ ਪਹਿਲਾਂ ਹੀ ਸੰਭਾਲ ਲਏ ਸਨ। ਉਨ੍ਹਾਂ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਮਹਿਲਾ ਵੱਲੋਂ ਉਨ੍ਹਾਂ ਦੇ ਮੋਬਾਈਲ ’ਤੇ ਕੀਤੀਆਂ ਸਾਰੀਆਂ ਕਾਲਾਂ ਦਾ ਰਿਕਾਰਡ ਜਨਤਕ ਕੀਤਾ ਜਾਵੇ।

ਵਲਟੋਹਾ ਨੇ ਮਹਿਲਾ ਵੱਲੋਂ ਦਰਜ ਐੱਫਆਈਆਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵਿੱਚ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਜਬਰ-ਜਨਾਹ ਦੇ ਦੋਸ਼ ਲਗਾਏ ਗਏ ਸਨ, ਜਦਕਿ ਕਥਿਤ ਵਾਇਰਲ ਆਡੀਓ ਵਿੱਚ ਵੱਖਰੇ ਦੋਸ਼ ਸੁਣਾਈ ਦੇ ਰਹੇ ਹਨ। ਉਨ੍ਹਾਂ ਮਹਿਲਾ ਦੇ ਪਾਸਪੋਰਟ ਅਤੇ ਉਸ ਦੀ ਯਾਤਰਾ ਨਾਲ ਸਬੰਧਤ ਮਾਮਲਿਆਂ ’ਤੇ ਵੀ ਸਵਾਲ ਚੁੱਕੇ।