ਵੱਡੀ ਖ਼ਬਰ: 2006 ਦੇ ਮਾਮਲੇ ’ਚ CEC ਗਿਆਨੇਸ਼ ਕੁਮਾਰ ਖ਼ਿਲਾਫ਼ ਮੁੜ ਵਿਜੀਲੈਂਸ ਜਾਂਚ ਦੇ ਹੁਕਮ
ਤਿਰੂਵਨੰਤਪੁਰਮ, 4 ਅਕਤੂਬਰ 2026- ਕੇਰਲ ਸਰਕਾਰ ਨੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਨਾਲ ਜੁੜੇ 2006 ਦੇ ਪੁਰਾਣੇ ਮਾਮਲੇ ਦੀ ਮੁੜ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ। ਕੇਰਲ ਦੇ ਗ੍ਰਹਿ ਮੰਤਰੀ ਰਮੇਸ਼ ਚੇਨੀਥਾਲਾ ਨੇ ਵਿਜੀਲੈਂਸ ਅਤੇ ਐਂਟੀ-ਕਰੱਪਸ਼ਨ ਬਿਊਰੋ (VACB) ਨੂੰ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਕਰਨ ਲਈ ਕਿਹਾ ਹੈ।
ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਗਿਆਨੇਸ਼ ਕੁਮਾਰ ਕੇਰਲ ਦੇ ਲੋਕ ਨਿਰਮਾਣ ਵਿਭਾਗ (PWD) ਦੇ ਸਕੱਤਰ ਸਨ। ਮਾਮਲਾ ਕੇਰਲ ਸਟੇਟ ਟਰਾਂਸਪੋਰਟ ਪ੍ਰੋਜੈਕਟ (KSTP) ਤਹਿਤ ਐੱਮ.ਸੀ. ਰੋਡ ਦੇ ਅਪਗ੍ਰੇਡੇਸ਼ਨ ਨਾਲ ਜੁੜਿਆ ਹੈ। ਇਸ ਪ੍ਰੋਜੈਕਟ ਵਿੱਚ PATI-BEL ਕੰਸੋਰਟੀਅਮ ਸ਼ਾਮਲ ਸੀ। ਕੰਸੋਰਟੀਅਮ ਨਾਲ ਜੁੜੇ ਮਲੇਸ਼ੀਆਈ ਸਿਵਲ ਇੰਜੀਨੀਅਰ ਲੀ ਸੀ ਬੀਨ ਦੀ 2006 ਵਿੱਚ ਖੁਦਕੁਸ਼ੀ ਤੋਂ ਬਾਅਦ ਮਾਮਲਾ ਚਰਚਾ ਵਿੱਚ ਆਇਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਸੁਸਾਈਡ ਨੋਟ ਵਿੱਚ ਗਿਆਨੇਸ਼ ਕੁਮਾਰ ਦਾ ਨਾਮ ਦਰਜ ਸੀ। ਗ੍ਰਹਿ ਮੰਤਰੀ ਮੁਤਾਬਕ ਪਹਿਲਾਂ ਹੋਈ ਜਾਂਚ ਨੂੰ ਕਥਿਤ ਬਾਹਰੀ ਦਬਾਅ ਕਾਰਨ ਪ੍ਰਭਾਵਿਤ ਕੀਤੇ ਜਾਣ ਦੇ ਦੋਸ਼ ਲੱਗੇ ਹਨ। ਹੁਣ ਪੁਰਾਣੀਆਂ ਜਾਂਚ ਫਾਈਲਾਂ ਮੰਗਵਾ ਕੇ ਮਾਮਲੇ ਦੀ ਮੁੜ ਪੜਤਾਲ ਕੀਤੀ ਜਾਵੇਗੀ ਅਤੇ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।







