- ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਡੋਰ-ਟੂ-ਡੋਰ ਪ੍ਰਚਾਰ
ਲੰਬੀ/ਸ੍ਰੀ ਮੁਕਤਸਰ ਸਾਹਿਬ 4 ਅਕਤੂਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਸਰਕਾਰ ਦੀ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਜੱਦੀ ਹਲਕੇ ਲੰਬੀ ਦੇ ਪਿੰਡ ਕੱਟਿਆਂਵਾਲੀ ਵਿਖੇ ਘਰ-ਘਰ ਪਹੁੰਚ ਕੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਲੋਕਾਂ ਨੂੰ ਦਿੱਤੀਆਂ ਗਈਆਂ ਵੱਖ-ਵੱਖ ਸਹੂਲਤਾਂ ਅਤੇ ਲੋਕ-ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ‘ਮਾਨ ਦੇ ਮੁਨਾਫ਼ੇ’ ਮੁਹਿੰਮ ਦਾ ਮਕਸਦ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਰਾਹੀਂ ਆਮ ਪਰਿਵਾਰਾਂ ਨੂੰ ਮਿਲ ਰਹੇ ਸਿੱਧੇ ਵਿੱਤੀ ਅਤੇ ਸਮਾਜਿਕ ਲਾਭਾਂ ਦੀ ਜਾਣਕਾਰੀ ਘਰ-ਘਰ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਸੂਬੇ ਦੇ ਲੋਕਾਂ ਤੱਕ ਪਹੁੰਚ ਰਿਹਾ ਹੈ।
ਉਨ੍ਹਾਂ ਵੱਲੋਂ ਲੋਕਾਂ ਨਾਲ ਸਾਂਝੇ ਕੀਤੇ ਗਏ ਮੁੱਖ ਲਾਭਾਂ ਵਿੱਚ ਇੱਕ ਆਮ ਪੰਜਾਬੀ ਪਰਿਵਾਰ ਲਈ ਵੱਖ-ਵੱਖ ਸਹੂਲਤਾਂ ਦੇ ਸਾਲਾਨਾ ਲਾਭ ਨੂੰ ₹1,82,000 ਤੱਕ ਦਰਸਾਇਆ ਗਿਆ ਹੈ। ਜਿਸ ਵਿਚ 300 ਯੂਨਿਟ ਤੱਕ ਮੁਫ਼ਤ ਬਿਜਲੀ ਨਾਲ ਸਾਲਾਨਾ ਲਗਭਗ ₹18,000 ਤੱਕ ਦੀ ਬਿਜਲੀ ਬਿੱਲ ਵਿੱਚ ਬਚਤ, ਮਹਿਲਾਵਾਂ ਲਈ ₹1,000 ਮਹੀਨਾਵਾਰ ਸਹਾਇਤਾ, ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਇਲਾਜ, ਟੈਸਟ ਅਤੇ ਦਵਾਈਆਂ, ਘਰਾਂ ਤੱਕ ਪੀਣ ਵਾਲਾ ਪਾਣੀ, ਨਹਿਰੀ ਪਾਣੀ ਦੀ ਸਹੂਲਤ, ਕਿਸਾਨਾਂ ਲਈ ਮੁਫ਼ਤ ਖੇਤੀਬਾੜੀ ਬਿਜਲੀ ਅਤੇ ਖੇਤੀਬਾੜੀ ਮੋਟਰਾਂ ਦੇ ਬਿਜਲੀ ਕੁਨੈਕਸ਼ਨ ਸਮੇਤ ਹੋਰ ਲੋਕ-ਭਲਾਈ ਯੋਜਨਾਵਾਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਹੂਲਤਾਂ ਨਾਲ ਪਰਿਵਾਰਾਂ ਨੂੰ ਹੋ ਰਹੀ ਬਚਤ ਅਤੇ ਮਿਲ ਰਹੇ ਲਾਭਾਂ ਨੂੰ ਲੋਕਾਂ ਤੱਕ ਸਿੱਧੇ ਤੌਰ ’ਤੇ ਪਹੁੰਚਾਉਣਾ ਹੀ ‘ਮਾਨ ਦੇ ਮੁਨਾਫ਼ੇ’ ਮੁਹਿੰਮ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਅਤੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਦੀ ਜਾਣਕਾਰੀ ਸਿੱਧੇ ਲੋਕਾਂ ਦੇ ਘਰਾਂ ਤੱਕ ਪਹੁੰਚਾਈ ਜਾ ਰਹੀ ਹੈ।
ਡੋਰ-ਟੂ-ਡੋਰ ਮੁਹਿੰਮ ਦੌਰਾਨ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਵਾਸੀਆਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਵੀ ਗੱਲਬਾਤ ਕੀਤੀ ਅਤੇ ਸਰਕਾਰੀ ਸਹੂਲਤਾਂ ਸਬੰਧੀ ਉਨ੍ਹਾਂ ਦੀ ਰਾਇ ਜਾਣੀ । ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਅਤੇ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਪ੍ਰਧਾਨ ਮੋਹਨ ਸਿੰਘ ਕੱਟੀਆਂਵਾਲੀ, ਚਰਨ ਸਿੰਘ ਵਿਰਕ, ਗੁਰਚਰਨ ਸਿੰਘ, ਹਰਚੰਦ ਸਿੰਘ, ਗੁਰਵਿੰਦਰ ਸਿੰਘ, ਹਰਜੀਤ ਸਿੰਘ, ਬੋਹੜ ਸਿੰਘ ਮੈਂਬਰ,ਬਲਜਿੰਦਰ ਸਿੰਘ,ਸ਼ਮਸ਼ੇਰ ਸਿੰਘ ਲਾਡੀ, ਚੇਅਰਮੈਨ ਹਰਪ੍ਰੀਤ ਸਿੰਘ ਮਾਨ, ਪ੍ਰਿੰਸ ਬਾਠ, ਸਾਬਕਾ ਸਰਪੰਚ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।







