ਜਸਬੀਰ ਗੜ੍ਹੀ ਵੱਲੋਂ ਸਾਬਕਾ CM ਚਰਨਜੀਤ ਚੰਨੀ ਦੀ ਮੋਰਿੰਡਾ ਰਿਹਾਇਸ਼ ਅੱਗੇ ਪ੍ਰੈੱਸ ਕਾਨਫ਼ਰੰਸ; ਕਾਂਗਰਸ ‘ਤੇ ਲਗਾਏ ਗੰਭੀਰ ਦੋਸ਼

Top Trending News ਪੰਜਾਬ
  • ਜਸਬੀਰ ਗੜ੍ਹੀ ਵੱਲੋਂ ਸਾਬਕਾ CM ਚਰਨਜੀਤ ਚੰਨੀ ਦੀ ਮੋਰਿੰਡਾ ਰਿਹਾਇਸ਼ ਅੱਗੇ ਪ੍ਰੈੱਸ ਕਾਨਫ਼ਰੰਸ; ਕਾਂਗਰਸ ‘ਤੇ ਲਗਾਏ ਗੰਭੀਰ ਦੋਸ਼

ਮੋਰਿੰਡਾ 4 ਅਕਤੂਬਰ (ਭਟੋਆ): ਮੋਰਿੰਡਾ ਸਥਿਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਸ. ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਅੱਗੇ ਹਲਕਾ ਇੰਚਾਰਜ ਜਸਬੀਰ ਸਿੰਘ ਗੜ੍ਹੀ ਵੱਲੋਂ ਇੱਕ ਅਹਿਮ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਜਸਬੀਰ ਸਿੰਘ ਗੜ੍ਹੀ ਨੇ ਕਾਂਗਰਸ ਪਾਰਟੀ ਅਤੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ‘ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਈ ਗੰਭੀਰ ਦੋਸ਼ ਲਗਾਏ।

ਮੀਡੀਆ ਨੂੰ ਸੰਬੋਧਨ ਕਰਦਿਆਂ ਜਸਬੀਰ ਸਿੰਘ ਗੜ੍ਹੀ ਨੇ ਕਾਂਗਰਸ ਨੂੰ ਨਿਸ਼ਾਨੇ ‘ਤੇ ਲੈਂਦਿਆਂ ਇਸ ਨੂੰ ਸਿੱਖ ਵਿਰੋਧੀ ਪਾਰਟੀ ਗਰਦਾਨਿਆ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਪੰਜਾਬ ਅਤੇ ਸਿੱਖ ਕੌਮ ਦੇ ਹਿੱਤਾਂ ਦੇ ਉਲਟ ਫੈਸਲੇ ਲਏ ਹਨ ਅਤੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ।
ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਨੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਨਿਰਾਸ਼ ਕੀਤਾ ਹੈ। ਗੜ੍ਹੀ ਨੇ ਆਖਿਆ ਕਿ ਕਾਂਗਰਸ ਵੱਲੋਂ ਕੀਤੇ ਗਏ ਵਾਅਦੇ ਮਹਿਜ਼ ਦਾਅਵੇ ਹੀ ਸਾਬਤ ਹੋਏ ਹਨ।

ਆਮ ਆਦਮੀ ਪਾਰਟੀ (ਆਪ) ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਨਵ-ਨਿਯੁਕਤ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਤਿੱਖੇ ਰਾਜਨੀਤਿਕ ਹਮਲੇ ਕੀਤੇ ਹਨ। ਜਸਵੀਰ ਸਿੰਘ ਗੜ੍ਹੀ ਨੇ ਸਾਬਕਾ ਸੀਐੱਮ ਚੰਨੀ ਦੇ ਸਿਆਸੀ ਦਾਅਵਿਆਂ ਅਤੇ ਕਾਰਜਕਾਲ ਨੂੰ ਘੇਰਦੇ ਹੋਏ ਉਨਾਂ ਦੀ ਕਹਿਣੀ ਅਤੇ ਕਥਨੀ ਵਿੱਚ ਫਰਕ ਦਾ ਇਲਜ਼ਾਮ ਲਗਾਇਆ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਕਹਿਣੀ ਅਤੇ ਕਥਨੀ ਵਿੱਚ ਵੱਡਾ ਫਰਕ ਹੈ। ਉਨ੍ਹਾਂ ਕਿਹਾ ਕਿ ਹਲਕਾ ਚਮਕੌਰ ਸਾਹਿਬ ਦੇ ਲੋਕਾਂ ਨੂੰ ਲੰਮੇ ਸਮੇਂ ਤੱਕ ਗੁਮਰਾਹ ਕੀਤਾ ਗਿਆ ਅਤੇ ਜੋ ਵਾਅਦੇ ਕੀਤੇ ਗਏ ਸਨ, ਉਹ ਜ਼ਮੀਨੀ ਪੱਧਰ ‘ਤੇ ਪੂਰੇ ਨਹੀਂ ਹੋਏ। ਗੜ੍ਹੀ ਨੇ ਚੰਨੀ ਦੇ ਪਿਛਲੇ ਸਿਆਸੀ ਰੁਖ ਅਤੇ ਫੈਸਲਿਆਂ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ।

ਜਸਵੀਰ ਸਿੰਘ ਗੜੀ ਨੇ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੇ ਵੱਡੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਚੰਨੀ ਆਮ ਆਦਮੀ ਨਹੀਂ ਇਕ ਬਾਦਸ਼ਾਹ ਹੈ. ਜਿਸਦੇ ਪੰਜਾਬ ਵਿੱਚ ਲਗਭਗ 20-20 ਹਜਾਰ ਸਕੇਅਰ ਫੁੱਟ ਵਿੱਚ 3, 4 ਬੰਗਲੇ ਹਨ…. ਜਸਵੀਰ ਸਿੰਘ ਗੜੀ ਨੇ ਕਿਹਾ ਕਿ ਮੰਜੇ ਤੇ ਪਟਾਕੇ ਰੱਖ ਕੇ ਵੇਚਣ ਵਾਲਾ ਜਾਂ ਟੈਂਟ ਲਗਾਉਣ ਵਾਲਾ ਬੰਦਾ ਕਦੇ ਬਾਦਸ਼ਾਹ ਨਹੀਂ ਬਣ ਸਕਦਾ ਇਸੇ ਕਾਰਨ ਉਹਨਾਂ ਨੇ ਅੱਜ ਉਸਦੇ ਮੋਰਿੰਡਾ ਸਥਿਤ ਕੋਠੀ ਦੇ ਬਾਹਰ ਕਾਨਫਰੰਸ ਕੀਤੀ ਹੈ…

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰੋੜਾਂ ਰੁਪਏ ਸੋਸ਼ਲ ਮੀਡੀਆ ਤੇ ਖਰਚ ਕਰਕੇਆਪਣੇ ਆਪ ਨੂੰ ਪੰਜਾਬ ਹਤੈਸ਼ੀ ਪਰਚਾਰਿਆ ਹੈ ਕਿ ਚੰਨੀ ਤੋਂ ਇਲਾਵਾ ਪੰਜਾਬ ਵਿੱਚ ਕੋਈ ਵੀ ਪੰਜਾਬ ਹਿਤੈਸੀ ਨਹੀਂ। ਚੰਨੀ ਨੇ ਹੀ ਆਪਣੇ ਸੋਸ਼ਲ ਮੀਡੀਆ ਰਾਹੀਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਨਾਮ ਕੀਤਾ ਅਤੇ ਹੁਣ ਉਸ ਦੇ ਪਿੱਛੇ ਪਏ ਹਨ।
ਜਸਵੀਰ ਸਿੰਘ ਗੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬਾ ਨਹੀਂ ਬਣਨ ਦਿੱਤਾ।ਇਸ ਪਾਰਟੀ ਨੇ ਪੰਜਾਬ ਨੂੰ ਵਾਰ-ਵਾਰ ਵੰਡਿਆ ਹੈ। ਇਸ ਪਾਰਟੀ ਨੇ ਹੀ ਸਾਕਾ ਨੀਲਾ ਤਾਰਾ ਕਰਵਾਇਆ। ਕਾਂਗਰਸ ਤੇ ਤਿੱਖੇ ਹਮਲੇ ਕਰਦਿਆਂ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਜਿੱਥੇ ਕਾਂਗਰਸ ਨੇ ਸਾਕਾਂ ਨੀਲਾ ਤਾਰਾ ਕਰਵਾਇਆ ਉੱਥੇ ਹੀ 84 ਵਿੱਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਪਾ ਕੇ ਅੱਗ ਲਗਾ ਕੇ ਕੋਹ ਕੋਹ ਕੇ ਮਾਰਿਆ।

ਉਹਨਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਵਿੱਚ ਵੋਟਾਂ ਦੇ ਵੇਲੇ ਚੰਨੀ ਨੇ ਨਸ਼ਿਆਂ ਦਾ ਹੜ੍ਹ ਲਿਆਂਦਾ। ਗੜੀ ਨੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਇਸ ਹਲਕੇ ਵਿੱਚ ਫਕੀਰ ਅਤੇ ਰਾਜੇ ਦੀ ਲੜਾਈ ਹੈ। ਉਹਨਾਂ ਕਿਹਾ ਕਿ ਇਸ ਸ਼ਹੀਦਾਂ ਦੀ ਧਰਤੀ ਤੋਂ ਬਾਦਸ਼ਾਹ ਚੰਨੀ ਨੂੰ ਸ਼ਹੀਦਾਂ ਦੀ ਧਰਤੀ ਤੋਂ ਭਜਾਇਆ ਜਾਵੇਗਾ।
ਗੜ੍ਹੀ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਇਹ ਜ਼ਿੰਮੇਵਾਰੀ ਹਲਕੇ ਦੇ ਪਿੰਡ-ਪਿੰਡ, ਬੂਥ-ਬੂਥ ਅਤੇ ਗਲੀ-ਗਲੀ ਜਾ ਕੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਹੈ। ਉਹ ਹਲਕੇ ਦੀਆਂ ਬੁਨਿਆਦੀ ਸਮੱਸਿਆਵਾਂ, ਜਿਨ੍ਹਾਂ ਵਿੱਚ ਸੜਕਾਂ, ਬੁਨਿਆਦੀ ਢਾਂਚਾ ਅਤੇ ਲੋਕਾਂ ਦੀਆਂ ਰੋਜ਼ਾਨਾ ਦੀਆਂ ਦਿੱਕਤਾਂ ਸ਼ਾਮਲ ਹਨ, ਦਾ ਜਾਇਜ਼ਾ ਲੈ ਕੇ ਉਨ੍ਹਾਂ ਦਾ ਹੱਲ ਕਰਵਾਉਣਗੇ।

ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਦੇ ਹਲਕਾ ਇੰਚਾਰਜ ਵਜੋਂ ਸਿਆਸੀ ਕਮਾਨ ਸੰਭਾਲੀ ਹੈ। ਗੜ੍ਹੀ ਵੱਲੋਂ ਚਰਨਜੀਤ ਸਿੰਘ ਚੰਨੀ ‘ਤੇ ਲਗਾਤਾਰ ਕੀਤੇ ਜਾ ਰਹੇ ਇਨ੍ਹਾਂ ਸ਼ਬਦੀ ਵਾਰਾਂ ਨਾਲ ਸ੍ਰੀ ਚਮਕੌਰ ਸਾਹਿਬ ਹਲਕੇ ਵਿੱਚ ਸਿਆਸੀ ਪਾਰਾ ਕਾਫ਼ੀ ਚੜ੍ਹ ਗਿਆ ਹੈ।