ਮਲੇਰਕੋਟਲਾ DC ਖ਼ਿਲਾਫ਼ ਮੁਲਾਜ਼ਮਾਂ ਦਾ ਰੋਸ, ਪੰਜਾਬ ਭਰ ਦੇ DC ਤੇ ਤਹਿਸੀਲ ਦਫ਼ਤਰਾਂ ’ਚ ਕਲਮਛੋੜ ਹੜਤਾਲ

Top Trending News ਪੰਜਾਬ
  • ਮਲੇਰਕੋਟਲਾ DC ਖ਼ਿਲਾਫ਼ ਮੁਲਾਜ਼ਮਾਂ ਦਾ ਰੋਸ, ਪੰਜਾਬ ਭਰ ਦੇ DC ਤੇ ਤਹਿਸੀਲ ਦਫ਼ਤਰਾਂ ’ਚ ਕਲਮਛੋੜ ਹੜਤਾਲ

ਸ਼੍ਰੀ ਮੁਕਤਸਰ ਸਾਹਿਬ, 5 ਅਕਤੂਬਰ (ਦੇਸ਼ ਕਲਿੱਕ ਬਿਊਰੋ): ਜਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਡੀ.ਸੀ. ਦਫ਼ਤਰ ਦੇ ਕਰਮਚਾਰੀਆਂ ਨਾਲ ਗਾਲੀ ਗਲੋਚ ਕਰਨ ਅਤੇ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਂਨ ਕਰਨ ਦੇ ਰੋਸ ਵਜੋਂ ਅੱਜ ਪੰਜਾਬ ਦੇ ਸਮੁੱਚੇ ਡੀ.ਸੀ. ਦਫ਼ਤਰਾਂ, ਐਸ.ਡੀ.ਐਮ. ਦਫ਼ਤਰਾਂ, ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ ਕਲਮਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਲੇਰਕੋਟਲਾ ਵੱਲੋਂ ਆਪਣੇ ਹੀ ਸਟਾਫ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਅਤੇ ਬੇਇੱਜਤ ਕੀਤਾ ਜਾਂਦਾ ਹੈ ਜਿਸ ਕਾਰਨ ਪੜ੍ਹੇ ਲਿਖੇ ਕਰਮਚਾਰੀਆਂ ਨੂੰ ਮਾਨਸਿਕ ਤਣਾਅ ਵਿੱਚੋਂ ਗੁਜਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਬਦਲੇ ਦੀ ਭਾਵਨਾ ਦੇ ਨਾਲ ਵਿਰੋਧ ਕਰਨ ਵਾਲੇ ਕਰਮਚਾਰੀਆਂ ਵਿੱਚੋਂ ਇੱਕ ਦੇ ਵਿਰੁੱਧ ਬਿਨਾਂ ਕਿਸੇ ਖਾਸ ਦੋਸ਼ ਦੇ ਚਾਰਜਸ਼ੀਟ ਜਾਰੀ ਕੀਤੀ ਗਈ ਅਤੇ ਰੰਜਿਸ਼ ਤਹਿਤ ਬਦਲੇ ਦੀ ਭਾਵਨਾ ਨਾਲ ਉਨ੍ਹਾਂ ਕਰਮਚਾਰੀਆਂ ਦੀਆਂ ਵਿੱਤੀ ਸਾਲ ਦੀਆਂ ਏ.ਸੀ.ਆਰਜ਼ ਤੇ ਸਹੀ ਗਰੇਡਿੰਗ ਨਹੀਂ ਦਿੱਤੀ ਗਈ। ਡਿਪਟੀ ਕਮਿਸ਼ਨਰ ਦੇ ਇਸ ਰਵੱਈਏ ਦੇ ਵਿਰੁੱਧ ਯੂਨੀਅਨ ਦੀ ਸੂਬਾ ਬਾਡੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਮਿਤੀ: 6 ਤੋਂ 9 ਅਕਤੂਬਰ ਤੱਕ ਪੰਜਾਬ ਦੇ ਸਮੱਚੇ ਡੀ.ਸੀ. ਦਫ਼ਤਰਾਂ ਵਿੱਚ ਸਾਰਾ ਦਿਨ ਕੰਮ ਬੰਦ ਕਰਕੇ ਜਿਲ੍ਹਿਆਂ ਵਿੱਚ 2 ਘੰਟੇ ਜਿਲ੍ਹਾ ਪੱਧਰੀ ਧਰਨਾ ਲਗਾਇਆ ਜਾਵੇਗਾ, 7 ਅਕਤੂਬਰ ਨੂੰ ਸੂਬੇ ਦੇ ਸਾਰੇ ਜਿਲ੍ਹਿਆਂ ਅੰਦਰ ਡਿਪਟੀ ਕਮਿਸ਼ਨਰ ਦੇ ਪੁਤਲੇ ਫੂਕੇ ਜਾਣਗੇ, ਮਿਤੀ: 8 ਅਕਤੂਬਰ ਨੂੰ ਇਕੱਲੇ ਜਿਲ੍ਹਾ ਮਲੇਰਕੋਟਲਾ ਦੇ ਬਜਾਰਾਂ ਵਿੱਚ ਡੀ.ਸੀ. ਵਿਰੁੱਧ ਰੋਸ ਮਾਰਚ ਕੀਤਾਜਾਵੇਗਾ ਅਤੇ ਮਿਤੀ: 9 ਅਕਤੂਬਰ ਨੂੰ ਡੀ.ਸੀ. ਮਲੇਰਕੋਟਲਾ ਦੇ ਵਿਰੁੱਧ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਜਿਸਦੀ ਸਾਰੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਸੀਨੀਅਰ ਸਹਾਇਕ, ਓਮਪਾਲ, ਬਲਰਾਜ, ਜਗਪ੍ਰੀਤ ਸਿੰਘ, ਹਰਬੰਸ ਸਿੰਘ ਅਤੇ ਰਣਜੀਤ ਸਿੰਘ ਹਾਜ਼ਰ ਸਨ।