ਚੈੱਕ ਬਾਊਂਸ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ’ਚ CJI ਅਤੇ ਰਾਜਪਾਲ ਯਾਦਵ ਵਿਚਾਲੇ ਕੀ ਹੋਈ ਗੱਲਬਾਤ ?, ਪੜ੍ਹੋ ਵੇਰਵਾ

Top Trending News ਮਨੋਰੰਜਨ ਰਾਸ਼ਟਰੀ
  • ਚੈੱਕ ਬਾਊਂਸ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ’ਚ CJI ਅਤੇ ਰਾਜਪਾਲ ਯਾਦਵ ਵਿਚਾਲੇ ਕੀ ਹੋਈ ਗੱਲਬਾਤ ?, ਪੜ੍ਹੋ ਵੇਰਵਾ

ਨਵੀਂ ਦਿੱਲੀ:, 7 ਅਕਤੂਬਰ (ਦੇਸ਼ ਕਲਿੱਕ ਬਿਊਰੋ) : ਅਦਾਕਾਰ ਰਾਜਪਾਲ ਯਾਦਵ ਅੱਜ ਆਪਣੇ ਚੈੱਕ ਬਾਊਂਸ ਮਾਮਲੇ ਦੀ ਸੁਣਵਾਈ ਦੌਰਾਨ ਖੁਦ ਸੁਪਰੀਮ ਕੋਰਟ ਵਿੱਚ ਪੇਸ਼ ਹੋਏ ਅਤੇ ਮੁੱਖ ਜੱਜ ਜਸਟਿਸ ਸੂਰਿਆ ਕਾਂਤ ਨਾਲ ਉਨ੍ਹਾਂ ਦੀ ਲੰਬੀ ਗੱਲਬਾਤ ਹੋਈ। ਸੁਣਵਾਈ ਦੌਰਾਨ ਰਾਜਪਾਲ ਯਾਦਵ ਨੇ ਆਪਣੀ ਫਿਲਮ ‘ਅਤਾ ਪਤਾ ਲਾਪਤਾ’ ਨਾਲ ਹੋਏ ਕਥਿਤ ਵਿੱਤੀ ਨੁਕਸਾਨ ਅਤੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਵਿਵਾਦ ਬਾਰੇ ਅਦਾਲਤ ਨੂੰ ਆਪਣਾ ਪੱਖ ਦੱਸਿਆ।

ਰਾਜਪਾਲ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਕਰੀਬ 200 ਤੋਂ 250 ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਪਿਛਲੇ 13 ਸਾਲਾਂ ਦੌਰਾਨ ਉਨ੍ਹਾਂ ਨੂੰ ਲਗਭਗ 250 ਕਰੋੜ ਰੁਪਏ ਦਾ ਨੁਕਸਾਨ ਹੋਇਆ। ਉਨ੍ਹਾਂ ਦਾਅਵਾ ਕੀਤਾ ਕਿ ‘ਅਤਾ ਪਤਾ ਲਾਪਤਾ’ ਵਿੱਚ ਉਨ੍ਹਾਂ ਦੇ 17 ਕਰੋੜ ਰੁਪਏ ਫਸ ਗਏ।

ਅਦਾਕਾਰ ਨੇ ਮਾਮਲੇ ਦੀ ਤੁਲਨਾ ਸ਼ੇਕਸਪੀਅਰ ਦੇ ਨਾਟਕ ‘Merchant of Venice’ ਨਾਲ ਕਰਦਿਆਂ ਕਿਹਾ ਕਿ ਕੁੱਲ ਵਿਵਾਦ ਕਰੀਬ 22 ਕਰੋੜ ਰੁਪਏ ਦਾ ਸੀ, ਪਰ 5 ਕਰੋੜ ਰੁਪਏ ਦੇ ਵਿਵਾਦ ਕਾਰਨ ਉਨ੍ਹਾਂ ਦੇ 17 ਕਰੋੜ ਰੁਪਏ ਵੀ ਡੁੱਬ ਗਏ ਅਤੇ ਉਹ 2013 ਤੋਂ ਇਸ ਦਾ ਨੁਕਸਾਨ ਝੱਲ ਰਹੇ ਹਨ।

ਰਾਜਪਾਲ ਯਾਦਵ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਉਨ੍ਹਾਂ ਦੀ ਫਿਲਮ ਦੀ ਰਿਲੀਜ਼ ਵਿੱਚ ਰੁਕਾਵਟ ਪਾਈ ਗਈ। ਉਨ੍ਹਾਂ ਮੁਤਾਬਕ ਫਿਲਮ ਨੂੰ 1,200 ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾਣਾ ਸੀ, ਪਰ ਇਹ ਇੱਕ ਵੀ ਸਿਨੇਮਾਘਰ ਵਿੱਚ ਰਿਲੀਜ਼ ਨਹੀਂ ਹੋ ਸਕੀ।

ਉਨ੍ਹਾਂ ਅਦਾਲਤ ਨੂੰ ਦੱਸਿਆ ਕਿ 2012 ਵਿੱਚ ਸਬੰਧਤ ਵਿਅਕਤੀ ਉਨ੍ਹਾਂ ਦਾ ਦੋਸਤ ਸੀ ਅਤੇ ਉਸ ਨੇ ਆਪਣੇ ਆਪ ਨੂੰ ਵੱਡਾ ਕਾਰੋਬਾਰੀ ਦੱਸਦਿਆਂ 5 ਕਰੋੜ ਰੁਪਏ ਦੀ ਰਕਮ ਨੂੰ ਮਾਮੂਲੀ ਦੱਸਿਆ ਸੀ। ਰਾਜਪਾਲ ਯਾਦਵ ਨੇ ਦਾਅਵਾ ਕੀਤਾ ਕਿ ਇਸ ਵਿਵਾਦ ਕਾਰਨ ਪਿਛਲੇ ਕਰੀਬ 16 ਸਾਲਾਂ ਵਿੱਚ ਉਨ੍ਹਾਂ ਦੀ ਬ੍ਰਾਂਡਿੰਗ ਅਤੇ ਸਾਖ ਨੂੰ ਵੀ ਨੁਕਸਾਨ ਪਹੁੰਚਿਆ।

ਇਸ ਦੌਰਾਨ CJI ਜਸਟਿਸ ਸੂਰਿਆ ਕਾਂਤ ਨੇ ਰਾਜਪਾਲ ਯਾਦਵ ਨੂੰ ਕਿਹਾ ਕਿ ਉਹ ਇੱਕ ਚੰਗੀ ਫਿਲਮ ਬਣਾਉਣ ਅਤੇ ਲੋਕਾਂ ਦਾ ਮਨੋਰੰਜਨ ਕਰਨ। ਇਸ ’ਤੇ ਅਦਾਕਾਰ ਨੇ ਕਿਹਾ ਕਿ 2010 ਤੋਂ 2016-17 ਤੱਕ ਦੇ ਦੌਰ ਨਾਲ ਸਬੰਧਤ ਉਨ੍ਹਾਂ ਨੇ ਇੱਕ ਫਿਲਮ ਦਾ ਨਾਮ ‘16 ਸਾਵਣ’ ਰੱਖਣ ਬਾਰੇ ਵੀ ਸੋਚਿਆ ਹੈ।