Delhi Breaking: ਮਸਜਿਦ ’ਤੇ ਫਿਲਹਾਲ ਨਹੀਂ ਚੱਲੇਗਾ ਬੁਲਡੋਜ਼ਰ! ਕੇਂਦਰ ਨੇ ਹਾਈਕੋਰਟ ਨੂੰ ਦਿੱਤਾ ਭਰੋਸਾ
ਨਵੀਂ ਦਿੱਲੀ, 29 ਅਕਤੂਬਰ 2026: ਦਿੱਲੀ ਦੀ ਰੇਸ ਕੋਰਸ ਮਸਜਿਦ (Race Course Masjid) ਨੂੰ ਢਾਹੁਣ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਭਰੋਸਾ ਦਿੱਤਾ ਹੈ ਕਿ ਵਕਫ਼ ਬੋਰਡ ਦੀ ਨੁਮਾਇੰਦਗੀ ’ਤੇ ਫ਼ੈਸਲਾ ਹੋਣ ਤੱਕ ਮਸਜਿਦ ਵਿਰੁੱਧ ਕੋਈ ਢਾਹੁਣ ਦੀ ਕਾਰਵਾਈ ਨਹੀਂ ਕੀਤੀ ਜਾਵੇਗੀ। ਹਾਲਾਂਕਿ, ਅਦਾਲਤ ਨੇ ਮਸਜਿਦ ਵਿੱਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਮੰਗਣ ਵਾਲੇ ਪਟੀਸ਼ਨਰ ਨੂੰ ਫਿਲਹਾਲ ਕੋਈ ਰਾਹਤ ਨਹੀਂ ਦਿੱਤੀ।
ਜਸਟਿਸ ਅਨੀਸ਼ ਦਿਆਲ ਦੀ ਬੈਂਚ ਸਈਦ ਅਹਿਮਦ ਸੌਦ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਕੇਂਦਰ ਸਰਕਾਰ ਵੱਲੋਂ ਪੇਸ਼ ਵਕੀਲ ਆਸ਼ੀਸ਼ ਦੀਕਸ਼ਿਤ ਨੇ ਅਦਾਲਤ ਨੂੰ ਦੱਸਿਆ ਕਿ ਲੈਂਡ ਐਂਡ ਡਿਵੈਲਪਮੈਂਟ ਦਫ਼ਤਰ ਵਕਫ਼ ਬੋਰਡ ਦੀ ਅਰਜ਼ੀ ’ਤੇ ਚਾਰ ਹਫ਼ਤਿਆਂ ਦੇ ਅੰਦਰ ਫ਼ੈਸਲਾ ਕਰੇਗਾ ਅਤੇ ਉਦੋਂ ਤੱਕ ਕੋਈ ਕਾਰਵਾਈ ਨਹੀਂ ਹੋਵੇਗੀ।
ਪਟੀਸ਼ਨਰ ਨੇ ਦਾਅਵਾ ਕੀਤਾ ਕਿ ਮਸਜਿਦ ਵਕਫ਼ ਜਾਇਦਾਦ ਹੈ ਅਤੇ ਇਸ ਨੂੰ ਵਿਰਾਸਤੀ ਦਰਜਾ ਵੀ ਪ੍ਰਾਪਤ ਹੈ। ਉਸ ਨੇ ਨਮਾਜ਼ੀਆਂ ਦੀ ਆਵਾਜਾਈ ਬਹਾਲ ਕਰਨ ਅਤੇ ਬਿਜਲੀ-ਪਾਣੀ ਦੇ ਕੁਨੈਕਸ਼ਨ ਕੱਟਣ ਦੇ ਮਾਮਲੇ ਵਿੱਚ ਦਖ਼ਲ ਦੀ ਮੰਗ ਕੀਤੀ। ਮਾਮਲੇ ਦੀ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ। ਫਿਲਹਾਲ ਮਸਜਿਦ ਨੂੰ ਢਾਹੁਣ ਤੋਂ ਅੰਤਰਿਮ ਸੁਰੱਖਿਆ ਮਿਲੀ ਹੈ, ਪਰ ਨਮਾਜ਼ ਅਦਾ ਕਰਨ ਸਬੰਧੀ ਮੰਗ ’ਤੇ ਰਾਹਤ ਨਹੀਂ ਮਿਲੀ।







