ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ ਦੀ ਹੁਣ ਹੋਵੇਗੀ ਪਛਾਣ, 1 ਨਵੰਬਰ ਤੋਂ ਮਿਲੇਗੀ ਨਵੀਂ ਸਹੂਲਤ
ਨਵੀਂ ਦਿੱਲੀ 30 ਅਕਤੂਬਰ 2026
ਮੋਬਾਈਲ ਵਰਤੋਂਕਾਰਾਂ ਲਈ ਅਹਿਮ ਖ਼ਬਰ ਹੈ। ਹੁਣ ਕਿਸੇ ਅਣਜਾਣ ਨੰਬਰ ਤੋਂ ਫ਼ੋਨ ਆਉਣ ’ਤੇ ਇਹ ਜਾਣਨ ਲਈ ਪਰੇਸ਼ਾਨ ਨਹੀਂ ਹੋਣਾ ਪਵੇਗਾ ਕਿ ਆਖ਼ਰ ਫ਼ੋਨ ਕੌਣ ਕਰ ਰਿਹਾ ਹੈ। ਇੱਕ ਨਵੰਬਰ ਤੋਂ ਮੋਬਾਈਲ ਫ਼ੋਨ ਦੀ ਸਕਰੀਨ ’ਤੇ ਅਣਜਾਣ ਨੰਬਰ ਦੇ ਨਾਲ ਉਸ ਵਿਅਕਤੀ ਦਾ ਨਾਮ ਵੀ ਵਿਖਾਈ ਦੇਵੇਗਾ, ਜਿਸ ਦੇ ਨਾਮ ’ਤੇ ਸਿਮ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਦੂਰਸੰਚਾਰ ਵਿਭਾਗ ਵੱਲੋਂ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਵੀਂ ਵਿਵਸਥਾ ਤਹਿਤ ਫ਼ੋਨ ਕਰਨ ਵਾਲੇ ਨੰਬਰ ਨਾਲ ਜੁੜਿਆ ਦਰਜ ਨਾਮ ਮੋਬਾਈਲ ਦੀ ਸਕਰੀਨ ’ਤੇ ਵਿਖਾਈ ਦੇਵੇਗਾ। ਇਸ ਨਾਲ ਵਰਤੋਂਕਾਰਾਂ ਨੂੰ ਅਣਜਾਣ ਕਾਲਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਮਿਲੇਗੀ।
ਦੂਰਸੰਚਾਰ ਵਿਭਾਗ ਵੱਲੋਂ ਇਹ ਕਦਮ ਖ਼ਾਸ ਤੌਰ ’ਤੇ ਜਾਅਲੀ ਫ਼ੋਨਾਂ ਅਤੇ ਧੋਖਾਧੜੀ ਵਾਲੀਆਂ ਕਾਲਾਂ ਰਾਹੀਂ ਹੋਣ ਵਾਲੀ ਠੱਗੀ ਨੂੰ ਰੋਕਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਅਕਸਰ ਠੱਗਾਂ ਵੱਲੋਂ ਅਣਜਾਣ ਨੰਬਰਾਂ ਤੋਂ ਫ਼ੋਨ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਤੋਂ ਨਿੱਜੀ ਜਾਂ ਵਿੱਤੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਨਵੀਂ ਸਹੂਲਤ ਲਾਗੂ ਹੋਣ ਨਾਲ ਮੋਬਾਈਲ ਵਰਤੋਂਕਾਰਾਂ ਨੂੰ ਅਜਿਹੀਆਂ ਕਾਲਾਂ ਬਾਰੇ ਸੁਚੇਤ ਰਹਿਣ ਵਿੱਚ ਮਦਦ ਮਿਲਣ ਦੀ ਉਮੀਦ ਹੈ।







