ਵੱਡੀ ਖ਼ਬਰ: ਹਰ ਅਪਮਾਨ ਜਾਂ ਧਮਕੀ SC-ST ਐਕਟ ਅਧੀਨ ਅਪਰਾਧ ਨਹੀਂ: ਹਾਈ ਕੋਰਟ ਨੇ ਮੁਲਜ਼ਮ ਨੂੰ ਦਿੱਤੀ ਰਾਹਤ
ਇਲਾਹਾਬਾਦ 31 ਅਕਤੂਬਰ 2026
ਇਲਾਹਾਬਾਦ ਹਾਈ ਕੋਰਟ ਨੇ ਐੱਸਸੀ-ਐੱਸਟੀ (ਅੱਤਿਆਚਾਰ ਰੋਕਥਾਮ) ਐਕਟ ਨਾਲ ਜੁੜੇ ਇੱਕ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਹਰ ਤਰ੍ਹਾਂ ਦਾ ਅਪਮਾਨ ਜਾਂ ਧਮਕੀ ਇਸ ਕਾਨੂੰਨ ਅਧੀਨ ਅਪਰਾਧ ਨਹੀਂ ਮੰਨੀ ਜਾ ਸਕਦੀ। ਇਸ ਲਈ ਇਹ ਸਾਬਤ ਹੋਣਾ ਜ਼ਰੂਰੀ ਹੈ ਕਿ ਪੀੜਤ ਨੂੰ ਉਸ ਦੀ ਜਾਤੀ ਦੇ ਆਧਾਰ ’ਤੇ ਨਿਸ਼ਾਨਾ ਬਣਾਇਆ ਗਿਆ ਸੀ।
ਅਦਾਲਤ ਨੇ ਫਿਰੋਜ਼ਾਬਾਦ ਦੇ ਰਹਿਣ ਵਾਲੇ ਭੂਰੀ ਸਿੰਘ ਨੂੰ ਐੱਸਸੀ-ਐੱਸਟੀ ਐਕਟ ਤਹਿਤ ਲੱਗੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਹਾਲਾਂਕਿ, ਉਸ ਵਿਰੁੱਧ ਕੁੱਟਮਾਰ ਦੇ ਦੋਸ਼ਾਂ ਸਬੰਧੀ ਕਾਨੂੰਨੀ ਕਾਰਵਾਈ ਜਾਰੀ ਰਹੇਗੀ।
ਜਸਟਿਸ ਸੰਤੋਸ਼ ਰਾਏ ਦੀ ਇਕਹਿਰੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਕਿਸੇ ਵਿਅਕਤੀ ਨਾਲ ਹੋਈ ਹਰ ਬਦਸਲੂਕੀ ਜਾਂ ਧਮਕੀ ਨੂੰ ਆਪਣੇ ਆਪ ਐੱਸਸੀ-ਐੱਸਟੀ ਐਕਟ ਦਾ ਅਪਰਾਧ ਨਹੀਂ ਮੰਨਿਆ ਜਾ ਸਕਦਾ। ਇਸ ਕਾਨੂੰਨ ਦੀਆਂ ਧਾਰਾਵਾਂ ਲਾਗੂ ਹੋਣ ਲਈ ਇਹ ਤੱਤ ਮਹੱਤਵਪੂਰਨ ਹੈ ਕਿ ਕਥਿਤ ਅਪਮਾਨ ਜਾਂ ਧਮਕੀ ਪੀੜਤ ਦੀ ਅਨੁਸੂਚਿਤ ਜਾਤੀ ਜਾਂ ਜਨਜਾਤੀ ਨਾਲ ਸਬੰਧਤ ਪਛਾਣ ਕਾਰਨ ਦਿੱਤੀ ਗਈ ਹੋਵੇ।
ਹਾਈ ਕੋਰਟ ਦੇ ਇਸ ਫੈਸਲੇ ਨੂੰ ਐੱਸਸੀ-ਐੱਸਟੀ ਐਕਟ ਦੇ ਲਾਗੂ ਹੋਣ ਸਬੰਧੀ ਇੱਕ ਅਹਿਮ ਕਾਨੂੰਨੀ ਸਪੱਸ਼ਟੀਕਰਨ ਵਜੋਂ ਦੇਖਿਆ ਜਾ ਰਿਹਾ ਹੈ।







