World Breaking: ਹੋਰਮੁਜ਼ Strait ’ਚ ਤੇਲ ਟੈਂਕਰ ’ਤੇ ਮਾਈਨ ਹਮਲਾ, ਜਹਾਜ਼ ’ਚ ਸਵਾਰ ਸਾਰੇ 27 ਭਾਰਤੀ ਸੁਰੱਖਿਅਤ
ਨਵੀਂ ਦਿੱਲੀ, 31 ਅਕਤੂਬਰ 2026
ਦੁਨੀਆ ਦੇ ਅਹਿਮ ਸਮੁੰਦਰੀ ਤੇਲ ਮਾਰਗ ਹੋਰਮੁਜ਼ ਜਲਡਮਰੂਮੱਧ ਵਿੱਚ ਵਪਾਰਕ ਜਹਾਜ਼ਾਂ ’ਤੇ ਹਮਲਿਆਂ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ ਪਨਾਮਾ ਦੇ ਝੰਡੇ ਵਾਲੇ ਤੇਲ ਟੈਂਕਰ ‘ਐਮਟੀ ਲੂਈਸ-1’ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲੇ ਸਮੇਂ ਜਹਾਜ਼ ’ਤੇ 27 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਸਨ। ਰਾਹਤ ਦੀ ਗੱਲ ਹੈ ਕਿ ਸਾਰੇ ਸੁਰੱਖਿਅਤ ਹਨ ਅਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਰਿਪੋਰਟਾਂ ਅਨੁਸਾਰ, ਇੱਕ ਛੋਟੀ ਕਿਸ਼ਤੀ ਰਾਹੀਂ ਆਏ ਹਮਲਾਵਰਾਂ ਨੇ ਜਹਾਜ਼ ਦੇ ਹੇਠਲੇ ਹਿੱਸੇ ਨਾਲ ਦੋ ਲਿੰਪੇਟ ਮਾਈਨਾਂ ਲਗਾ ਦਿੱਤੀਆਂ, ਜਿਨ੍ਹਾਂ ਵਿੱਚ ਧਮਾਕਾ ਹੋਣ ਕਾਰਨ ਇੰਜਣ ਰੂਮ ਵਿੱਚ ਅੱਗ ਲੱਗ ਗਈ। ਭਾਰਤੀ ਚਾਲਕ ਦਲ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾ ਲਿਆ। ਜਹਾਜ਼ ਵਿੱਚੋਂ ਤੇਲ ਰਿਸਣ ਦੀ ਵੀ ਕੋਈ ਸੂਚਨਾ ਨਹੀਂ ਹੈ ਅਤੇ ਟੈਂਕਰ ਨੇ ਮੁੜ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ।
ਬ੍ਰਿਟਿਸ਼ ਸਮੁੰਦਰੀ ਨਿਗਰਾਨੀ ਏਜੰਸੀ ਅਨੁਸਾਰ ਇਹ ਘਟਨਾ ਓਮਾਨ ਦੇ ਖਸਾਬ ਤੱਟ ਤੋਂ ਲਗਭਗ 46 ਕਿਲੋਮੀਟਰ ਦੂਰ ਵਾਪਰੀ।
ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਵੀ ਸਾਰੇ ਭਾਰਤੀ ਮਲਾਹਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ 24 ਘੰਟਿਆਂ ਅੰਦਰ ਇਸ ਸਮੁੰਦਰੀ ਮਾਰਗ ’ਤੇ ਦੂਜੇ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਨਾਲ ਕੌਮਾਂਤਰੀ ਸਮੁੰਦਰੀ ਵਪਾਰ ਅਤੇ ਤੇਲ ਸਪਲਾਈ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।







