ਹੋਟਲ ਦੇ ਗੰਦੇ ਪਾਣੀ ਵਾਲੇ ਚੈਂਬਰ ’ਚ ਦਮ ਘੁੱਟਣ ਕਾਰਨ 4 ਮੁਲਾਜ਼ਮਾਂ ਦੀ ਮੌਤ, ਬਚਾਅ ਲਈ ਉਤਰੇ ਕਰਮਚਾਰੀ ਵੀ ਹੋਏ ਬਿਮਾਰ
ਉੱਜੈਨ, 1 ਨਵੰਬਰ 2026: ਮੱਧ ਪ੍ਰਦੇਸ਼ ਦੇ ਉੱਜੈਨ ਵਿੱਚ ਇੱਕ ਹੋਟਲ ਅੰਦਰ ਵਾਪਰੇ ਦਰਦਨਾਕ ਹਾਦਸੇ ਵਿੱਚ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਕੁਝ ਹੋਰ ਕਰਮਚਾਰੀ ਵੀ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆ ਕੇ ਬਿਮਾਰ ਹੋ ਗਏ। ਇਹ ਹਾਦਸਾ ਦੇਵਾਸ ਰੋਡ ਸਥਿਤ ਹੋਟਲ ਸ੍ਰੀ ਗੰਗਾ ਵਿੱਚ ਸ਼ਨੀਵਾਰ ਰਾਤ ਕਰੀਬ 10:30 ਵਜੇ ਵਾਪਰਿਆ।
ਮੁੱਢਲੀ ਜਾਣਕਾਰੀ ਅਨੁਸਾਰ ਹੋਟਲ ਦੇ ਵੇਸਟ ਚੈਂਬਰ ਦੀ ਸਫ਼ਾਈ ਲਈ ਕਈ ਕਰਮਚਾਰੀ ਅੰਦਰ ਉਤਰੇ ਸਨ। ਚੈਂਬਰ ਵਿੱਚ ਜਮ੍ਹਾਂ ਜ਼ਹਿਰੀਲੀਆਂ ਗੈਸਾਂ ਕਾਰਨ ਉਹ ਬੇਹੋਸ਼ ਹੋ ਕੇ ਅੰਦਰ ਹੀ ਫਸ ਗਏ। ਸਾਥੀਆਂ ਨੂੰ ਬਚਾਉਣ ਲਈ ਅੰਦਰ ਜਾਣ ਵਾਲੇ ਹੋਰ ਮੁਲਾਜ਼ਮ ਵੀ ਗੈਸ ਦੀ ਲਪੇਟ ਵਿੱਚ ਆ ਗਏ।
ਸੂਚਨਾ ਮਿਲਣ ’ਤੇ ਪੁਲਿਸ ਅਤੇ ਬਚਾਅ ਟੀਮ ਮੌਕੇ ’ਤੇ ਪਹੁੰਚੀ। ਐੱਸਪੀ ਪ੍ਰਦੀਪ ਸ਼ਰਮਾ ਦੀ ਨਿਗਰਾਨੀ ਹੇਠ ਕਰੀਬ ਡੇਢ ਘੰਟੇ ਤੱਕ ਰਾਹਤ ਕਾਰਜ ਚੱਲਿਆ। ਚੈਂਬਰ ਦਾ ਹਿੱਸਾ ਕੱਟ ਕੇ ਚਾਰਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸੀਪੀਆਰ ਵੀ ਦਿੱਤਾ, ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕਾਂ ਦੀ ਪਛਾਣ ਕਮਲੇਸ਼ ਤੰਬੋਲੀ, ਨਿਤਿਨ, ਵਾਹਿਦ ਅਤੇ ਮਨੋਜ ਮੀਣਾ ਵਜੋਂ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਸਫ਼ਾਈ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ ਅਤੇ ਚੈਂਬਰ ਵਿੱਚ ਜ਼ਹਿਰੀਲੀ ਗੈਸ ਕਿਵੇਂ ਇਕੱਠੀ ਹੋਈ।







