- ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ
- ਮਾਡਲ ਟਾਊਨ ਸ਼ਮਸ਼ਾਨਘਾਟ ’ਚ ਹੋਇਆ ਸਸਕਾਰ
- ਹਨੀ ਸਿੰਘ, ਅੰਮ੍ਰਿਤ ਮਾਨ, ਸਤਿੰਦਰ ਸਰਤਾਜ ਤੇ ਗਿੱਪੀ ਗਰੇਵਾਲ ਸਮੇਤ ਕਈ ਗਾਇਕਾਂ ਨੇ ਦਿੱਤਾ ਮੋਢਾ
ਜਲੰਧਰ, 3 ਨਵੰਬਰ (ਦੇਸ਼ ਕਲਿੱਕ ਬਿਊਰੋ): ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਛੋਟੇ ਪੁੱਤਰ ਅਤੇ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਦੇ ਭਤੀਜੇ ਦਿਵਿਤ ਔਲਖ ਦਾ ਅੱਜ ਦੁਪਹਿਰ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਦਿਵਿਤ ਦੀ ਅੰਤਿਮ ਵਿਦਾਈ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ, ਸਮਾਜ ਸੇਵੀ ਅਤੇ ਪੰਜਾਬੀ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਪਹੁੰਚੀਆਂ।
ਘਰ ਤੋਂ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲਿਆਂਦਾ ਗਿਆ, ਜਿੱਥੇ ਲੋਕਾਂ ਨੇ ਨਮ ਅੱਖਾਂ ਨਾਲ ਦਿਵਿਤ ਨੂੰ ਸ਼ਰਧਾਂਜਲੀ ਭੇਟ ਕੀਤੀ। ਪਿਤਾ ਦਿਨੇਸ਼ ਔਲਖ ਨੇ ਆਪਣੇ ਪੁੱਤਰ ਦੀ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਈ ਪੰਜਾਬੀ ਗਾਇਕ ਵੀ ਮੌਜੂਦ ਰਹੇ। ਇਨ੍ਹਾਂ ਵਿੱਚ ਹਨੀ ਸਿੰਘ, ਅੰਮ੍ਰਿਤ ਮਾਨ, ਸਤਿੰਦਰ ਸਰਤਾਜ, ਸਰਬਜੀਤ ਚੀਮਾ, ਬੂਟਾ ਮੁਹੰਮਦ, ਜੀ ਖ਼ਾਨ, ਰਣਜੀਤ ਬਾਵਾ, ਗਿੱਪੀ ਗਰੇਵਾਲ ਅਤੇ ਸੁਮਿਤ ਸਮੇਤ ਹੋਰ ਕਲਾਕਾਰ ਸ਼ਾਮਲ ਸਨ।
ਇਸ ਤੋਂ ਇਲਾਵਾ ਮੇਅਰ ਵਿਨੀਤ ਧੀਰ, ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਕਈ ਹੋਰ ਸਿਆਸੀ ਆਗੂਆਂ ਨੇ ਵੀ ਅੰਤਿਮ ਸੰਸਕਾਰ ਵਿੱਚ ਸ਼ਮੂਲੀਅਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕਈ ਗਾਇਕਾਂ ਨੇ ਦਿਵਿਤ ਦੀ ਅਰਥੀ ਨੂੰ ਮੋਢਾ ਵੀ ਦਿੱਤਾ।
ਸੜਕ ਹਾਦਸੇ ਨੇ ਲਈ ਸੀ ਜਾਨ
ਦਿਵਿਤ ਔਲਖ ਦੀ ਸ਼ਨੀਵਾਰ ਰਾਤ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਹ ਆਪਣੇ ਦੋਸਤਾਂ ਨਾਲ ਕਾਰ ਵਿੱਚ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਨਗਰ ਨਿਗਮ ਦੀ ਟਰਾਲੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਦਿਵਿਤ ਨੂੰ ਗੰਭੀਰ ਹਾਲਤ ਵਿੱਚ ਜਲੰਧਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।







