Big Breaking: ਆਇਲ ਇੰਡੀਆ ਦੇ ਟੈਂਕ ਫਾਰਮ ’ਚ ਭਿਆਨਕ ਅੱਗ, ਇੱਕ ਮੁਲਾਜ਼ਮ ਦੀ ਮੌਤ, 6 ਝੁਲਸੇ

Top Trending News ਰਾਸ਼ਟਰੀ

ਆਇਲ ਇੰਡੀਆ ਦੇ ਟੈਂਕ ਫਾਰਮ ’ਚ ਭਿਆਨਕ ਅੱਗ, ਇੱਕ ਮੁਲਾਜ਼ਮ ਦੀ ਮੌਤ, 6 ਝੁਲਸੇ

ਡਿਬਰੂਗੜ੍ਹ (ਅਸਾਮ), 6 ਨਵੰਬਰ 2026: ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਆਇਲ ਇੰਡੀਆ ਲਿਮਟਿਡ ਦੇ ਇੰਟਰਮੀਡੀਏਟ ਟੈਂਕ ਫਾਰਮ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਛੇ ਹੋਰ ਮੁਲਾਜ਼ਮ ਝੁਲਸ ਕੇ ਜ਼ਖ਼ਮੀ ਹੋ ਗਏ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਰੱਖ-ਰਖਾਅ ਦੇ ਕੰਮ ਦੌਰਾਨ ਵਾਪਰਿਆ।

ਕੰਪਨੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਤੇਂਗਾਖਾਟ ਸਥਿਤ ਟੈਂਕ ਫਾਰਮ ਵਿੱਚ ਸਵੇਰੇ ਕਰੀਬ 9:05 ਵਜੇ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਰਾਜੂ ਦੱਤਾ ਨਾਮਕ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਛੇ ਹੋਰ ਵਿਅਕਤੀ ਅੱਗ ਦੀ ਲਪੇਟ ਵਿੱਚ ਆ ਕੇ ਝੁਲਸ ਗਏ।

ਹਾਦਸੇ ਵਿੱਚ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਨੂੰ ਇਲਾਜ ਲਈ ਡਿਬਰੂਗੜ੍ਹ ਦੇ ਅਸਾਮ ਮੈਡੀਕਲ ਕਾਲਜ ਅਤੇ ਹਸਪਤਾਲ ਸਮੇਤ ਆਇਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਕੰਪਨੀ ਮੁਤਾਬਕ ਮ੍ਰਿਤਕ ਅਤੇ ਸਾਰੇ ਜ਼ਖ਼ਮੀ ਮੁੰਬਈ ਦੀ ਨਿੱਜੀ ਕੰਪਨੀ ਸਪੈਕਟ੍ਰੋਨ ਇੰਜੀਨੀਅਰਜ਼ ਪ੍ਰਾਈਵੇਟ ਲਿਮਟਿਡ ਦੇ ਕਰਮਚਾਰੀ ਸਨ, ਜੋ ਆਇਲ ਇੰਡੀਆ ਲਈ ਕੰਮ ਕਰ ਰਹੇ ਸਨ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਕੰਪਨੀ ਦੀ ਫਾਇਰ ਬ੍ਰਿਗੇਡ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਕੰਪਨੀ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।