ਦਿੱਲੀ ਦੀ ਜ਼ਹਿਰੀਲੀ ਹਵਾ ਦੇਸ਼ ਲਈ ਸ਼ਰਮਨਾਕ: ਸ਼ਸ਼ੀ ਥਰੂਰ ਨੇ ਸਰਕਾਰ ਦੀ ਕਾਰਜਸ਼ੈਲੀ ’ਤੇ ਚੁੱਕੇ ਸਵਾਲ
ਨਵੀਂ ਦਿੱਲੀ, 6 ਨਵੰਬਰ 2026: ਰਾਜਧਾਨੀ ਦਿੱਲੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਿੱਲੀ ਦੀ ਵਿਗੜ ਰਹੀ ਹਵਾ ਦੀ ਗੁਣਵੱਤਾ ਨੂੰ ਪੂਰੇ ਦੇਸ਼ ਲਈ ਸ਼ਰਮਨਾਕ ਸਥਿਤੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਵਿੱਚ ਇਸ ਸਮੱਸਿਆ ਨਾਲ ਨਜਿੱਠਣ ਲਈ ਸਿਆਸੀ ਇੱਛਾ-ਸ਼ਕਤੀ ਦੀ ਘਾਟ ਨਜ਼ਰ ਆ ਰਹੀ ਹੈ।
ਥਰੂਰ ਨੇ ਕਿਹਾ ਕਿ ਉਹ ਪਿਛਲੇ ਲਗਭਗ 10 ਸਾਲਾਂ ਤੋਂ ਦਿੱਲੀ ਦੇ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਚਰਚਾ ਅਤੇ ਵਿਚਾਰ-ਵਟਾਂਦਰੇ ਕਰਦੇ ਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਪਣੇ ਖ਼ਰਚੇ ’ਤੇ ਵੀ ਇਸ ਸਬੰਧੀ ਰਾਊਂਡ ਟੇਬਲ ਮੀਟਿੰਗਾਂ ਕਰਵਾਈਆਂ, ਪਰ ਸਮੱਸਿਆ ਦੇ ਹੱਲ ਲਈ ਠੋਸ ਕਦਮਾਂ ਦੀ ਉਮੀਦ ਪੂਰੀ ਨਹੀਂ ਹੋਈ।
ਉਨ੍ਹਾਂ ਦਿੱਲੀ ਵਾਸੀਆਂ ਪ੍ਰਤੀ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਖ਼ਰਾਬ ਹਵਾ ਦਾ ਅਸਰ ਹੁਣ ਖੇਡ ਮੁਕਾਬਲਿਆਂ ’ਤੇ ਵੀ ਪੈ ਰਿਹਾ ਹੈ। ਕ੍ਰਿਕਟ ਟੀਮਾਂ ਦਿੱਲੀ ਵਿੱਚ ਖੇਡਣ ਤੋਂ ਝਿਜਕ ਰਹੀਆਂ ਹਨ ਅਤੇ ਹੋਰ ਖੇਡ ਮੁਕਾਬਲਿਆਂ ਵਿੱਚ ਵੀ ਖਿਡਾਰੀਆਂ ਵੱਲੋਂ ਨਾਮ ਵਾਪਸ ਲੈਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਥਰੂਰ ਨੇ ਮੰਗ ਕੀਤੀ ਕਿ ਪ੍ਰਦੂਸ਼ਣ ਨਾਲ ਨਜਿੱਠਣ ਲਈ ਬਿਆਨਾਂ ਦੀ ਬਜਾਏ ਪ੍ਰਭਾਵਸ਼ਾਲੀ ਅਤੇ ਠੋਸ ਕਾਰਵਾਈ ਕੀਤੀ ਜਾਵੇ।




