ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਹੋਈ ਘਰ ਵਾਪਸੀ!
ਸੁਖਬੀਰ ਬਾਦਲ ਨੇ ਮੁੜ ਅਕਾਲੀ ਦਲ ’ਚ ਕਰਵਾਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਵਾਪਸੀ, ਕਿਹਾ- ਸਾਰੇ ਅਕਾਲੀ ਧੜੇ ਇਕਜੁੱਟ ਹੋਣ
ਚੰਡੀਗੜ੍ਹ, 6 ਨਵੰਬਰ 2026: ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਨਵੀਂ ਸਿਆਸੀ ਮਜ਼ਬੂਤੀ ਮਿਲੀ, ਜਦੋਂ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੜ ਪਾਰਟੀ ਵਿੱਚ ਵਾਪਸੀ ਕਰ ਲਈ। ਸ਼ੁੱਕਰਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਰਸਮੀ ਤੌਰ ’ਤੇ ਮੈਂਬਰਸ਼ਿਪ ਦਿੱਤੀ।
ਪ੍ਰੋ. ਚੰਦੂਮਾਜਰਾ ਦੀ ਇਸ ਵਾਪਸੀ ਨੂੰ ਪੰਜਾਬ ਦੀ ਅਕਾਲੀ ਸਿਆਸਤ ਵਿੱਚ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ। ਪਾਰਟੀ ਵਿੱਚ ਸ਼ਾਮਲ ਹੋਣ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਨੂੰ ਦੇਖਦਿਆਂ ਸਾਰੇ ਅਕਾਲੀ ਧੜਿਆਂ ਦਾ ਇੱਕ ਮੰਚ ’ਤੇ ਇਕੱਠੇ ਹੋਣਾ ਸਮੇਂ ਦੀ ਲੋੜ ਹੈ।
ਉਨ੍ਹਾਂ ਜ਼ੋਰ ਦਿੱਤਾ ਕਿ ਅਕਾਲੀ ਦਲ ਦੀ ਏਕਤਾ ਲਈ ਸਾਂਝੇ ਯਤਨ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਪੰਜਾਬ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾ ਸਕੇ।
ਇਸ ਦੌਰਾਨ ਪ੍ਰੋ. ਚੰਦੂਮਾਜਰਾ ਨੇ ਆਪਣੀ ਸਿਆਸੀ ਭੂਮਿਕਾ ਬਾਰੇ ਵੀ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਉਨ੍ਹਾਂ ਦੀ ਪਾਰਟੀ ਵਿੱਚ ਵਾਪਸੀ ਨਾਲ ਅਕਾਲੀ ਦਲ ਦੀ ਅੰਦਰੂਨੀ ਸਿਆਸਤ ਅਤੇ ਹੋਰ ਅਕਾਲੀ ਧੜਿਆਂ ਨੂੰ ਇਕਜੁੱਟ ਕਰਨ ਦੀ ਚਰਚਾ ਮੁੜ ਸ਼ੁਰੂ ਹੋ ਗਈ ਹੈ।




