ਪੰਜਾਬ ’ਚ ਜਨਗਣਨਾ-2027 ਦੀ ਸਵੈ-ਗਣਨਾ ਸ਼ੁਰੂ, 30 ਨਵੰਬਰ ਤੱਕ ਘਰ ਬੈਠੇ ਆਨਲਾਈਨ ਦਰਜ ਕਰਵਾ ਸਕੋਗੇ ਜਾਣਕਾਰੀ

Top Trending News ਪੰਜਾਬ

 

Census 2027: ਪੰਜਾਬ ’ਚ ਜਨਗਣਨਾ-2027 ਦੀ ਸਵੈ-ਗਣਨਾ ਸ਼ੁਰੂ, 30 ਨਵੰਬਰ ਤੱਕ ਘਰ ਬੈਠੇ ਆਨਲਾਈਨ ਦਰਜ ਕਰਵਾ ਸਕੋਗੇ ਜਾਣਕਾਰੀ

ਚੰਡੀਗੜ੍ਹ, 16 ਨਵੰਬਰ 2026: ਪੰਜਾਬ ਵਿੱਚ ਭਾਰਤ ਦੀ ਜਨਗਣਨਾ-2027 (Census 2027) ਦੇ ਦੂਜੇ ਪੜਾਅ ਤਹਿਤ ਸਵੈ-ਗਣਨਾ (Self-Enumeration) ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਵਾਸੀਆਂ ਨੂੰ ਇਸ ਕੌਮੀ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

ਮੁੱਖ ਮੰਤਰੀ ਅਨੁਸਾਰ, ਸਵੈ-ਗਣਨਾ ਦੀ ਇਹ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਜਾਰੀ ਰਹੇਗੀ। ਇਸ ਦੌਰਾਨ ਲੋਕਾਂ ਨੂੰ ਘਰ ਬੈਠੇ ਹੀ ਆਨਲਾਈਨ ਮਾਧਿਅਮ ਰਾਹੀਂ ਆਪਣੇ ਪਰਿਵਾਰ ਅਤੇ ਘਰ ਸਬੰਧੀ ਲੋੜੀਂਦੀ ਜਾਣਕਾਰੀ ਦਰਜ ਕਰਵਾਉਣ ਦੀ ਸਹੂਲਤ ਮਿਲੇਗੀ।

ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਤੋਂ ਬਾਅਦ 4 ਜਨਵਰੀ 2027 ਤੋਂ ਗਣਨਾਕਾਰ ਘਰ-ਘਰ ਪਹੁੰਚ ਕੇ ਜਨਗਣਨਾ ਦਾ ਕੰਮ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਜਨਗਣਨਾ ਦੌਰਾਨ ਇਕੱਤਰ ਕੀਤੇ ਜਾਣ ਵਾਲੇ ਅੰਕੜੇ ਪੰਜਾਬ ਦੀਆਂ ਭਵਿੱਖੀ ਵਿਕਾਸ ਯੋਜਨਾਵਾਂ, ਸਰਕਾਰੀ ਨੀਤੀਆਂ ਅਤੇ ਲੋਕ ਭਲਾਈ ਦੇ ਪ੍ਰੋਗਰਾਮਾਂ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਾਣਕਾਰੀ ਸਹੀ ਅਤੇ ਪੂਰੀ ਦਰਜ ਕਰਵਾਉਣ ਤਾਂ ਜੋ ਇਸ ਮਹੱਤਵਪੂਰਨ ਕੌਮੀ ਕਾਰਜ ਨੂੰ ਸਫਲ ਬਣਾਇਆ ਜਾ ਸਕੇ।