ਸਕੂਲਾਂ ਅਤੇ ਸਰਕਾਰੀ ਦਫਤਰਾਂ ‘ਚ ਅੱਜ ਛੁੱਟੀ!
ਛੱਠ ਮਹਾਪੁਰਬ ਦਾ ਅੱਜ ਹੋਵੇਗਾ ਸਮਾਪਨ, ਚੜ੍ਹਦੇ ਸੂਰਜ ਨੂੰ ਅਰਘ ਭੇਟ ਕਰਨਗੇ ਸ਼ਰਧਾਲੂ; ਦਿੱਲੀ ਵਿੱਚ ਸਰਕਾਰੀ ਦਫ਼ਤਰ ਤੇ ਵਿਦਿਅਕ ਅਦਾਰੇ ਰਹਿਣਗੇ ਬੰਦ
ਨਵੀਂ ਦਿੱਲੀ 16 ਨਵੰਬਰ 2026-
ਅੱਜ ਜਿਥੇ ਦੇਸ਼ ਦੇ ਕਈ ਸੂਬਿਆਂ ਵਿਚ ਛੱਠ ਪੂਜਾ ਦਾ ਮਹਾਪੁਰਬ ਮਨਾਇਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਵਿੱਚ ਗ਼ਦਰੀ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਹੋਣ ਜਾ ਰਿਹਾ ਹੈ। ਜਿਸ ਦੇ ਚਲਦਿਆ ਦਿੱਲੀ ਸਮੇਤ ਪੰਜਾਬ ਦੇ ਵਿਦਿਅਕ ਅਦਾਰਿਆਂ ਅਤੇ ਸਰਕਾਰੀ ਦਫਤਰਾਂ ਵਿੱਚ ਅੱਜ ਛੁੱਟੀ ਰਹੇਗੀ।
ਜਾਣਕਾਰੀ ਮੁਤਾਬਕ, ਚਾਰ ਦਿਨਾਂ ਤੱਕ ਚੱਲਣ ਵਾਲੇ ਲੋਕ ਆਸਥਾ ਦੇ ਮਹਾਪੁਰਬ ਛੱਠ ਪੂਜਾ ਦਾ ਅੱਜ ਸਮਾਪਨ ਹੋ ਜਾਵੇਗਾ। ਇਸ ਮੌਕੇ ਸ਼ਰਧਾਲੂ ਸਵੇਰੇ ਚੜ੍ਹਦੇ ਸੂਰਜ ਨੂੰ ਅਰਘ ਭੇਟ ਕਰਕੇ ਪੂਜਾ ਦੀਆਂ ਰਸਮਾਂ ਪੂਰੀਆਂ ਕਰਨਗੇ। ਇਸ ਦੇ ਨਾਲ ਹੀ ਚਾਰ ਦਿਨਾਂ ਤੋਂ ਚੱਲ ਰਹੇ ਵਰਤ ਅਤੇ ਧਾਰਮਿਕ ਸਮਾਗਮਾਂ ਦੀ ਸਮਾਪਤੀ ਹੋਵੇਗੀ।
ਛੱਠ ਪੂਜਾ ਦੇ ਆਖ਼ਰੀ ਦਿਨ ਸਵੇਰੇ ਸ਼ਰਧਾਲੂ ਨਦੀਆਂ, ਤਲਾਬਾਂ ਅਤੇ ਹੋਰ ਜਲ ਸਰੋਤਾਂ ਦੇ ਕੰਢੇ ਇਕੱਠੇ ਹੋ ਕੇ ਉਗਦੇ ਸੂਰਜ ਦੀ ਪੂਜਾ ਕਰਦੇ ਹਨ। ਇਸ ਦੌਰਾਨ ਸੂਰਜ ਦੇਵਤਾ ਨੂੰ ਅਰਘ ਭੇਟ ਕਰਕੇ ਪਰਿਵਾਰ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਜਾਂਦੀ ਹੈ।
ਇਸੇ ਦੌਰਾਨ ਕੌਮੀ ਰਾਜਧਾਨੀ ਦਿੱਲੀ ਵਿੱਚ ਛੱਠ ਪੂਜਾ ਦੇ ਮੱਦੇਨਜ਼ਰ ਅੱਜ ਸਰਕਾਰੀ ਛੁੱਟੀ ਰਹੇਗੀ। ਇਸ ਕਾਰਨ ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਸਕੂਲ, ਕਾਲਜ, ਦਿੱਲੀ ਹਾਈ ਕੋਰਟ ਅਤੇ ਹੇਠਲੀਆਂ ਅਦਾਲਤਾਂ ਵੀ ਬੰਦ ਰਹਿਣਗੀਆਂ।
ਜ਼ਿਕਰਯੋਗ ਹੈ ਕਿ ਛੱਠ ਮਹਾਪੁਰਬ ਉੱਤਰੀ ਭਾਰਤ, ਖ਼ਾਸ ਕਰਕੇ ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।





