ਆਜ਼ਮ ਖ਼ਾਨ ਨੂੰ ਹਾਈਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ, ਬੁੱਧਵਾਰ ਨੂੰ ਜੇਲ੍ਹ ਤੋਂ ਆ ਸਕਦੇ ਹਨ ਬਾਹਰ

Top Trending News ਰਾਸ਼ਟਰੀ
  • ਆਜ਼ਮ ਖ਼ਾਨ ਨੂੰ ਹਾਈਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ, ਬੁੱਧਵਾਰ ਨੂੰ ਜੇਲ੍ਹ ਤੋਂ ਆ ਸਕਦੇ ਹਨ ਬਾਹਰ

ਲਖਨਊ: 17 ਨਵੰਬਰ (ਦੇਸ਼ ਕਲਿੱਕ ਬਿਊਰੋ): ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਆਜ਼ਮ ਖ਼ਾਨ ਨੂੰ ਇਲਾਹਾਬਾਦ ਹਾਈਕੋਰਟ ਨੇ ਮੰਗਲਵਾਰ ਨੂੰ ਵੱਡੀ ਰਾਹਤ ਦਿੰਦਿਆਂ ਜੌਹਰ ਯੂਨੀਵਰਸਿਟੀ ਨਾਲ ਜੁੜੇ 426 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਦੀ ਬੁੱਧਵਾਰ ਨੂੰ ਜੇਲ੍ਹ ਤੋਂ ਰਿਹਾਈ ਹੋ ਸਕਦੀ ਹੈ। ਉਹ ਕਰੀਬ ਇੱਕ ਸਾਲ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ। ਪੈਨ ਕਾਰਡ ਮਾਮਲੇ ਵਿੱਚ ਉਨ੍ਹਾਂ ਨੂੰ 17 ਨਵੰਬਰ 2025 ਨੂੰ ਰਾਮਪੁਰ ਜੇਲ੍ਹ ਭੇਜਿਆ ਗਿਆ ਸੀ।

ਜਸਟਿਸ ਰਾਜੀਵ ਗੁਪਤਾ ਅਤੇ ਜਸਟਿਸ ਦੇਵੇਂਦਰ ਸਿੰਘ ਦੇ ਬੈਂਚ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਦੀ ਪ੍ਰਕਿਰਿਆ ’ਤੇ ਸਵਾਲ ਚੁੱਕੇ ਹਨ। ਅਦਾਲਤ ਨੇ ਕਿਹਾ ਕਿ 31 ਅਕਤੂਬਰ ਨੂੰ ਰਾਮਪੁਰ ਜੇਲ੍ਹ ਦੇ ਗੇਟ ’ਤੇ ਆਜ਼ਮ ਖ਼ਾਨ ਨੂੰ ਗ੍ਰਿਫ਼ਤਾਰ ਕਰਦੇ ਸਮੇਂ ਨਿਰਧਾਰਤ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ।

ਜੇਲ੍ਹ ਤੋਂ ਬਾਹਰ ਆਉਂਦੇ ਹੀ ਈਡੀ ਨੇ ਕੀਤਾ ਸੀ ਗ੍ਰਿਫ਼ਤਾਰ
31 ਅਕਤੂਬਰ ਨੂੰ ਪੈਨ ਕਾਰਡ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਜਿਵੇਂ ਹੀ ਆਜ਼ਮ ਖ਼ਾਨ ਜੇਲ੍ਹ ਤੋਂ ਬਾਹਰ ਆਏ ਤਾਂ ਈਡੀ ਨੇ ਉਨ੍ਹਾਂ ਨੂੰ ਇੱਕ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਹਾਈਕੋਰਟ ਨੇ ਇਸ ਕਾਰਵਾਈ ਨੂੰ ਪਹਿਲੀ ਨਜ਼ਰੇ ਗਲਤ ਅਤੇ ਖ਼ਰਾਬ ਨੀਅਤ ਨਾਲ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ।

ਅਦਾਲਤ ਦੇ ਫ਼ੈਸਲੇ ਦੀਆਂ 5 ਅਹਿਮ ਗੱਲਾਂ
ਜੇਲ੍ਹ ਦੇ ਗੇਟ ਤੋਂ ਗ੍ਰਿਫ਼ਤਾਰੀ ’ਤੇ ਸਵਾਲ: ਅਦਾਲਤ ਮੁਤਾਬਕ 31 ਅਕਤੂਬਰ ਨੂੰ ਸ਼ਾਮ 7:10 ਵਜੇ ਜ਼ਮਾਨਤ ਮਿਲਣ ਤੋਂ ਤੁਰੰਤ ਬਾਅਦ ਆਜ਼ਮ ਖ਼ਾਨ ਨੂੰ ਜੇਲ੍ਹ ਦੇ ਗੇਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਅਦਾਲਤ ਨੇ ਇਸ ਕਾਰਵਾਈ ਨੂੰ ਪਹਿਲੀ ਨਜ਼ਰੇ ਖ਼ਰਾਬ ਨੀਅਤ ਨਾਲ ਕੀਤੀ ਗਈ ਕਾਰਵਾਈ ਦੱਸਿਆ।

ਗ੍ਰਿਫ਼ਤਾਰੀ ਦੇ ਕਾਰਨ ਲਿਖਤੀ ਰੂਪ ਵਿੱਚ ਨਹੀਂ ਦਿੱਤੇ: ਅਦਾਲਤ ਨੇ ਕਿਹਾ ਕਿ ਗ੍ਰਿਫ਼ਤਾਰੀ ਸਮੇਂ ਆਜ਼ਮ ਖ਼ਾਨ ਨੂੰ ਇਸ ਦੇ ਆਧਾਰ ਲਿਖਤੀ ਰੂਪ ਵਿੱਚ ਨਹੀਂ ਦੱਸੇ ਗਏ। ਗ੍ਰਿਫ਼ਤਾਰੀ ਮੈਮੋ ਵਿੱਚ ਸਥਾਨ, ਤਾਰੀਖ਼ ਅਤੇ ਸਮੇਂ ਦੀ ਜਾਣਕਾਰੀ ਵੀ ਖਾਲੀ ਸੀ। ਭੈਣ ਨੂੰ ਭੇਜੇ ਸੰਦੇਸ਼ ਨਾਲ ਦਸਤਾਵੇਜ਼ ਨਹੀਂ ਸਨ: 31 ਅਕਤੂਬਰ ਦੀ ਰਾਤ 9:10 ਵਜੇ ਉਨ੍ਹਾਂ ਦੀ ਭੈਣ ਨੂੰ ਵ੍ਹਟਸਐਪ ਸੰਦੇਸ਼ ਭੇਜਿਆ ਗਿਆ ਅਤੇ 9:19 ਵਜੇ ਈਮੇਲ ਵੀ ਕੀਤੀ ਗਈ, ਪਰ ਦੋਵਾਂ ਨਾਲ ਗ੍ਰਿਫ਼ਤਾਰੀ ਦੇ ਆਧਾਰ ਸਬੰਧੀ ਦਸਤਾਵੇਜ਼ ਨਹੀਂ ਭੇਜੇ ਗਏ।

ਵੀਡੀਓਗ੍ਰਾਫੀ ਦਾ ਸਬੂਤ ਨਹੀਂ ਦਿੱਤਾ: ਈਡੀ ਨੇ ਗ੍ਰਿਫ਼ਤਾਰੀ ਦੀ ਵੀਡੀਓਗ੍ਰਾਫੀ ਹੋਣ ਦਾ ਦਾਅਵਾ ਕੀਤਾ ਸੀ, ਪਰ ਅਦਾਲਤ ਮੁਤਾਬਕ ਏਜੰਸੀ ਨੇ ਇਸ ਸਬੰਧੀ ਕੋਈ ਵੀਡੀਓ ਜਾਂ ਤਸਵੀਰ ਪੇਸ਼ ਨਹੀਂ ਕੀਤੀ। ਰਿਮਾਂਡ ਅਰਜ਼ੀ ਵਿੱਚ ਵੀ ਵੀਡੀਓਗ੍ਰਾਫੀ ਦਾ ਜ਼ਿਕਰ ਨਹੀਂ ਸੀ। ਅਗਲੀ ਸੁਣਵਾਈ ਤੱਕ ਅੰਤਰਿਮ ਜ਼ਮਾਨਤ: ਅਦਾਲਤ ਨੇ ਇੱਕ ਨਿੱਜੀ ਮੁਚੱਲਕੇ ਅਤੇ ਇਸੇ ਰਕਮ ਦੀਆਂ ਦੋ ਜ਼ਮਾਨਤਾਂ ਜਮ੍ਹਾਂ ਕਰਵਾਉਣ ਦੀ ਸ਼ਰਤ ’ਤੇ ਰਾਹਤ ਦਿੱਤੀ ਹੈ। ਈਡੀ ਨੂੰ ਜਵਾਬ ਲਈ ਇੱਕ ਹਫ਼ਤਾ ਅਤੇ ਆਜ਼ਮ ਖ਼ਾਨ ਨੂੰ ਜਵਾਬ ਦੇਣ ਲਈ 10 ਦਿਨ ਦਾ ਸਮਾਂ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ ਨੂੰ ਹੋਵੇਗੀ।

ਸੁਪਰੀਮ ਕੋਰਟ ਤੋਂ ਵੀ ਮਿਲੀ ਰਾਹਤ
ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਸੁਪਰੀਮ ਕੋਰਟ ਨੇ ਫ਼ਰਜ਼ੀ ਜਨਮ ਸਰਟੀਫਿਕੇਟ ਮਾਮਲੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੀ ਅਪੀਲ ਖਾਰਜ ਕਰ ਦਿੱਤੀ ਅਤੇ ਇਲਾਹਾਬਾਦ ਹਾਈਕੋਰਟ ਵੱਲੋਂ ਦਿੱਤੀ ਗਈ ਜ਼ਮਾਨਤ ਨੂੰ ਬਰਕਰਾਰ ਰੱਖਿਆ।

ਜ਼ਿਕਰਯੋਗ ਹੈ ਕਿ 18 ਅਕਤੂਬਰ 2023 ਨੂੰ ਰਾਮਪੁਰ ਦੀ ਟਰਾਇਲ ਕੋਰਟ ਨੇ ਆਜ਼ਮ ਖ਼ਾਨ, ਉਨ੍ਹਾਂ ਦੀ ਪਤਨੀ ਤਨਜ਼ੀਮ ਫਾਤਿਮਾ ਅਤੇ ਪੁੱਤਰ ਅਬਦੁੱਲਾ ਨੂੰ ਇਸ ਮਾਮਲੇ ਵਿੱਚ 7-7 ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ 24 ਮਈ 2024 ਨੂੰ ਹਾਈਕੋਰਟ ਨੇ ਆਜ਼ਮ ਖ਼ਾਨ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ ਸੀ।