ਸ਼ੈਰੀ ਮਾਨ ਦੇ ਨਿਊ ਚੰਡੀਗੜ੍ਹ ਲਾਈਵ ਸ਼ੋਅ ਤੋਂ ਪਹਿਲਾਂ ਵਿਵਾਦ, ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ’ਤੇ ਬਾਲ ਅਧਿਕਾਰ ਕਮਿਸ਼ਨ ਸਖ਼ਤ

Top Trending News ਪੰਜਾਬ ਮਨੋਰੰਜਨ
  • ਸ਼ੈਰੀ ਮਾਨ ਦੇ ਨਿਊ ਚੰਡੀਗੜ੍ਹ ਲਾਈਵ ਸ਼ੋਅ ਤੋਂ ਪਹਿਲਾਂ ਵਿਵਾਦ, ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ’ਤੇ ਬਾਲ ਅਧਿਕਾਰ ਕਮਿਸ਼ਨ ਸਖ਼ਤ

ਮੋਹਾਲੀ: 18 ਨਵੰਬਰ (ਦੇਸ਼ ਕਲਿੱਕ ਬਿਊਰੋ): ਮੋਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਵਰਲਡ ਸਟ੍ਰੀਟ ਵਿੱਚ 28 ਨਵੰਬਰ ਨੂੰ ਪੰਜਾਬੀ ਗਾਇਕ ਸ਼ੈਰੀ ਮਾਨ ਦੇ ਹੋਣ ਵਾਲੇ ਲਾਈਵ ਸ਼ੋਅ ਤੋਂ ਪਹਿਲਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸ਼ੋਅ ਦੌਰਾਨ ਸ਼ਰਾਬ ਦਾ ਪ੍ਰਚਾਰ ਕਰਨ ਵਾਲੇ ਗੀਤ ਗਾਏ ਜਾਣ ਦੇ ਖ਼ਦਸ਼ੇ ਨੂੰ ਲੈ ਕੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਕਮਿਸ਼ਨ ਨੇ ਇਸ ਮਾਮਲੇ ਵਿੱਚ ਐੱਸ.ਏ.ਐੱਸ. ਨਗਰ ਦੇ ਡਿਪਟੀ ਕਮਿਸ਼ਨਰ ਨੂੰ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਹੈ। ਇਸ ਸਬੰਧੀ ਕਮਿਸ਼ਨ ਨੂੰ ਡਾ. ਪੰਡਿਤਰਾਓ ਧਰੇਣਵਰ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਵਿੱਚ ਖ਼ਦਸ਼ਾ ਜਤਾਇਆ ਗਿਆ ਹੈ ਕਿ ਸ਼ੋਅ ਦੌਰਾਨ ‘ਲਾਕੇ ਤਿੰਨ ਪੈੱਗ ਬੱਲੀਏ, ਹੋਸਟਲ ਵਾਲਾ ਕਮਰਾ ਦੇਵੇ ਜੀ’ ਵਰਗੇ ਬੋਲਾਂ ਵਾਲੇ ਗੀਤਾਂ ਰਾਹੀਂ ਸ਼ਰਾਬ ਦਾ ਗੁਣਗਾਨ ਕੀਤਾ ਜਾ ਸਕਦਾ ਹੈ। ਸ਼ਿਕਾਇਤਕਰਤਾ ਅਨੁਸਾਰ ਅਜਿਹੇ ਗੀਤ ਬੱਚਿਆਂ ਅਤੇ ਨੌਜਵਾਨਾਂ ’ਤੇ ਮਾੜਾ ਪ੍ਰਭਾਵ ਪਾ ਸਕਦੇ ਹਨ।

ਡੀ.ਸੀ. ਨੂੰ ਪੱਤਰ ਭੇਜਿਆ
ਕਮਿਸ਼ਨ ਨੇ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਐੱਸ.ਏ.ਐੱਸ. ਨਗਰ ਨੂੰ ਪੱਤਰ ਭੇਜ ਕੇ ਤੁਰੰਤ ਨਿਯਮਾਂ ਮੁਤਾਬਕ ਕਦਮ ਚੁੱਕਣ ਲਈ ਕਿਹਾ ਹੈ। ਕਮਿਸ਼ਨ ਨੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਵਿੱਚ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਰੁਝਾਨ ’ਤੇ ਰੋਕ ਲਗਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ।

2011 ਦੀ ਨੋਟੀਫਿਕੇਸ਼ਨ ਤਹਿਤ ਹੋਇਆ ਸੀ ਗਠਨ
ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦਾ ਗਠਨ ਪੰਜਾਬ ਸਰਕਾਰ ਵੱਲੋਂ 15 ਅਪ੍ਰੈਲ 2011 ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਕੀਤਾ ਗਿਆ ਸੀ। ਇਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਐਕਟ-2005 ਦੀ ਧਾਰਾ 17 ਤਹਿਤ ਸਥਾਪਿਤ ਇੱਕ ਕਾਨੂੰਨੀ ਸੰਸਥਾ ਹੈ।

ਕਮਿਸ਼ਨ ਨੂੰ ਬੱਚਿਆਂ ਦੇ ਅਧਿਕਾਰਾਂ ਨਾਲ ਜੁੜੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਅਤੇ ਖ਼ੁਦ ਨੋਟਿਸ ਲੈਣ ਦਾ ਅਧਿਕਾਰ ਹੈ। ਇਸ ਤੋਂ ਇਲਾਵਾ ਕਿਸ਼ੋਰ ਨਿਆਂ ਐਕਟ-2015, ਪੋਕਸੋ ਐਕਟ-2012 ਅਤੇ ਸਿੱਖਿਆ ਦਾ ਅਧਿਕਾਰ ਐਕਟ-2009 ਤਹਿਤ ਵੀ ਇਸ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਹੈ। ਕਮਿਸ਼ਨ ਨੂੰ ਮਾਮਲਿਆਂ ਦੀ ਸੁਣਵਾਈ ਲਈ ਸਿਵਲ ਅਦਾਲਤ ਵਰਗੀਆਂ ਸ਼ਕਤੀਆਂ ਵੀ ਹਾਸਲ ਹਨ।