ਹੁਣ ਟੋਲ ਪਲਾਜ਼ਾ ਪਾਰ ਕਰਦੇ ਹੀ ਮੋਬਾਈਲ ’ਤੇ ਆਵੇਗਾ ਗੱਡੀ ਦੇ ਬੀਮੇ ਬਾਰੇ SMS, NHAI ਨੇ ਸ਼ੁਰੂ ਕੀਤਾ ਟ੍ਰਾਇਲ

Top Trending News ਰਾਸ਼ਟਰੀ
  • ਹੁਣ ਟੋਲ ਪਲਾਜ਼ਾ ਪਾਰ ਕਰਦੇ ਹੀ ਮੋਬਾਈਲ ’ਤੇ ਆਵੇਗਾ ਗੱਡੀ ਦੇ ਬੀਮੇ ਬਾਰੇ SMS, NHAI ਨੇ ਸ਼ੁਰੂ ਕੀਤਾ ਟ੍ਰਾਇਲ

ਨਵੀਂ ਦਿੱਲੀ: 18 ਨਵੰਬਰ (ਦੇਸ਼ ਕਲਿੱਕ ਬਿਊਰੋ): ਹੁਣ ਨੈਸ਼ਨਲ ਹਾਈਵੇਅ ’ਤੇ ਟੋਲ ਪਲਾਜ਼ਾ ਪਾਰ ਕਰਦੇ ਹੀ ਵਾਹਨ ਮਾਲਕ ਦੇ ਮੋਬਾਈਲ ’ਤੇ ਗੱਡੀ ਦੇ ਬੀਮੇ ਸਬੰਧੀ ਸੁਨੇਹਾ ਆ ਸਕਦਾ ਹੈ। ਜੇਕਰ ਵਾਹਨ ਦਾ ਥਰਡ ਪਾਰਟੀ ਇੰਸ਼ੋਰੈਂਸ ਖ਼ਤਮ ਹੋ ਚੁੱਕਾ ਹੈ ਜਾਂ ਉਸ ਦਾ ਵੈਧ ਬੀਮਾ ਨਹੀਂ ਹੈ ਤਾਂ ਇਸ ਬਾਰੇ SMS ਰਾਹੀਂ ਜਾਣਕਾਰੀ ਦਿੱਤੀ ਜਾਵੇਗੀ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੇ ਇਸ ਲਈ ਨਵੀਂ ਵਿਵਸਥਾ ਦਾ ਪਾਇਲਟ ਟ੍ਰਾਇਲ ਸ਼ੁਰੂ ਕੀਤਾ ਹੈ। ਫਿਲਹਾਲ ਇਹ ਪ੍ਰਾਜੈਕਟ ਦਿੱਲੀ ਦੇ ਅਰਬਨ ਐਕਸਟੈਂਸ਼ਨ ਰੋਡ-II (UER-II) ’ਤੇ ਸਥਿਤ ਮੁੰਡਕਾ ਟੋਲ ਪਲਾਜ਼ਾ ਵਿਖੇ ਅਜ਼ਮਾਇਆ ਜਾ ਰਿਹਾ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਇਸ ਦਾ ਮੁੱਖ ਮਕਸਦ ਵਾਹਨ ਮਾਲਕਾਂ ਨੂੰ ਸਮੇਂ ਸਿਰ ਬੀਮਾ ਰੀਨਿਊ ਕਰਵਾਉਣ ਲਈ ਜਾਗਰੂਕ ਕਰਨਾ ਹੈ।

ਇਸ ਤਰ੍ਹਾਂ ਕੰਮ ਕਰੇਗਾ ਨਵਾਂ ਸਿਸਟਮ
ਇਸ ਪ੍ਰਣਾਲੀ ਤਹਿਤ ਟੋਲ ਪਲਾਜ਼ਾ ਅਤੇ ਵਾਹਨ ਪੋਰਟਲ ਵਿਚਕਾਰ ਡਾਟਾ ਸਾਂਝਾ ਕੀਤਾ ਜਾਵੇਗਾ। ਜਿਵੇਂ ਹੀ ਕੋਈ ਵਾਹਨ ਟੋਲ ਪਲਾਜ਼ਾ ਤੋਂ ਲੰਘੇਗਾ, ਉਸ ਦੀ ਜਾਣਕਾਰੀ ਨੈਸ਼ਨਲ ਇਨਫਾਰਮੈਟਿਕਸ ਸੈਂਟਰ (NIC) ਦੇ ਵਾਹਨ (VAHAN) ਡਾਟਾਬੇਸ ਨੂੰ ਭੇਜੀ ਜਾਵੇਗੀ। ਇਸ ਤੋਂ ਬਾਅਦ ਸਿਸਟਮ ਆਪਣੇ ਆਪ ਵਾਹਨ ਦੇ ਬੀਮੇ ਦੀ ਮਿਆਦ ਦੀ ਜਾਂਚ ਕਰੇਗਾ। ਜੇਕਰ ਬੀਮਾ ਖ਼ਤਮ ਹੋਇਆ ਹੋਵੇ ਜਾਂ ਵਾਹਨ ਦਾ ਕੋਈ ਵੈਧ ਬੀਮਾ ਦਰਜ ਨਾ ਹੋਵੇ ਤਾਂ ਮਾਲਕ ਦੇ ਮੋਬਾਈਲ ’ਤੇ ਤੁਰੰਤ SMS ਭੇਜਿਆ ਜਾਵੇਗਾ। ਇਸ ਸੁਨੇਹੇ ਵਿੱਚ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ, ਟੋਲ ਪਲਾਜ਼ਾ ਪਾਰ ਕਰਨ ਦਾ ਸਮਾਂ ਅਤੇ ਬੀਮੇ ਦੀ ਮਿਆਦ ਖ਼ਤਮ ਹੋਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਨਾਲ ਹੀ ਬੀਮਾ ਨਵਿਆਉਣ ਦੀ ਸਲਾਹ ਵੀ ਦਿੱਤੀ ਜਾਵੇਗੀ।

ਇੱਕ ਅਧਿਕਾਰੀ ਦੇ ਹਵਾਲੇ ਨਾਲ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਸੁਨੇਹਾ ਵਾਹਨ ਮਾਲਕਾਂ ਲਈ ਯਾਦ ਦਿਵਾਉਣ ਵਾਲੇ ਨੋਟੀਫਿਕੇਸ਼ਨ ਵਜੋਂ ਕੰਮ ਕਰੇਗਾ, ਤਾਂ ਜੋ ਉਹ ਮੋਟਰ ਵਹੀਕਲ ਐਕਟ ਤਹਿਤ ਲੱਗਣ ਵਾਲੇ ਜੁਰਮਾਨੇ ਤੋਂ ਬਚਣ ਲਈ ਸਮੇਂ ਸਿਰ ਬੀਮਾ ਕਰਵਾ ਸਕਣ।

ਬਿਨਾਂ ਬੀਮੇ ਵਾਹਨ ਚਲਾਉਣ ’ਤੇ ਕਿੰਨਾ ਜੁਰਮਾਨਾ ?
ਭਾਰਤ ਵਿੱਚ ਥਰਡ ਪਾਰਟੀ ਮੋਟਰ ਇੰਸ਼ੋਰੈਂਸ ਕਰਵਾਉਣਾ ਲਾਜ਼ਮੀ ਹੈ। ਇਸ ਦੇ ਬਾਵਜੂਦ ਕਈ ਵਾਹਨ ਬਿਨਾਂ ਵੈਧ ਬੀਮੇ ਦੇ ਸੜਕਾਂ ’ਤੇ ਚੱਲਦੇ ਹਨ। ਹਾਦਸੇ ਦੀ ਸਥਿਤੀ ਵਿੱਚ ਅਜਿਹੇ ਵਾਹਨਾਂ ਕਾਰਨ ਪੀੜਤਾਂ ਨੂੰ ਮੁਆਵਜ਼ਾ ਮਿਲਣ ਵਿੱਚ ਮੁਸ਼ਕਲ ਆ ਸਕਦੀ ਹੈ। ਮੌਜੂਦਾ ਨਿਯਮਾਂ ਅਨੁਸਾਰ, ਬਿਨਾਂ ਵੈਧ ਬੀਮੇ ਦੇ ਵਾਹਨ ਚਲਾਉਣ ’ਤੇ ਪਹਿਲੀ ਵਾਰ ਫੜੇ ਜਾਣ ਦੀ ਸਥਿਤੀ ਵਿੱਚ 5,000 ਰੁਪਏ ਜਾਂ ਬੇਸ ਇੰਸ਼ੋਰੈਂਸ ਪ੍ਰੀਮੀਅਮ ਦਾ ਤਿੰਨ ਗੁਣਾ ਜੁਰਮਾਨਾ ਲੱਗ ਸਕਦਾ ਹੈ। ਦੂਜੀ ਵਾਰ ਉਲੰਘਣਾ ਕਰਨ ’ਤੇ 10,000 ਰੁਪਏ ਜਾਂ ਬੇਸ ਪ੍ਰੀਮੀਅਮ ਦਾ ਪੰਜ ਗੁਣਾ ਜੁਰਮਾਨਾ ਹੋ ਸਕਦਾ ਹੈ। ਦੋਵਾਂ ਮਾਮਲਿਆਂ ਵਿੱਚ ਵੱਧ ਰਕਮ ਲਾਗੂ ਹੋਵੇਗੀ।

ਸਫ਼ਲ ਟ੍ਰਾਇਲ ਤੋਂ ਬਾਅਦ ਦੇਸ਼ ਭਰ ’ਚ ਹੋ ਸਕਦਾ ਹੈ ਲਾਗੂ
NHAI ਵੱਲੋਂ ਫਿਲਹਾਲ ਇਸ ਪ੍ਰਣਾਲੀ ਦੀ ਜਾਂਚ ਕੀਤੀ ਜਾ ਰਹੀ ਹੈ। ਟ੍ਰਾਇਲ ਦੌਰਾਨ ਸਾਹਮਣੇ ਆਉਣ ਵਾਲੀਆਂ ਕਮੀਆਂ ਨੂੰ ਦੂਰ ਕਰਕੇ ਇਸ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਜੇਕਰ ਪ੍ਰਾਜੈਕਟ ਸਫ਼ਲ ਰਹਿੰਦਾ ਹੈ ਤਾਂ ਇਸ ਨੂੰ ਦੇਸ਼ ਦੇ ਹੋਰ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ਿਆਂ ’ਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਇਸ ਨਾਲ ਬਿਨਾਂ ਵੈਧ ਥਰਡ ਪਾਰਟੀ ਬੀਮੇ ਵਾਲੇ ਵਾਹਨਾਂ ਦੀ ਪਛਾਣ ਕਰਨਾ ਅਤੇ ਵਾਹਨ ਮਾਲਕਾਂ ਨੂੰ ਸਮੇਂ ਸਿਰ ਬੀਮਾ ਨਵਿਆਉਣ ਲਈ ਸੁਚੇਤ ਕਰਨਾ ਆਸਾਨ ਹੋਵੇਗਾ।