Breaking: ਖਾਟੂਸ਼ਿਆਮਜੀ ਮੰਦਰ ਨੇੜੇ ਭਿਆਨਕ ਅੱਗ, ਚਾਰ ਗੈਸ ਸਿਲੰਡਰ ਫਟੇ; ਸ਼ਰਧਾਲੂਆਂ ਵਿੱਚ ਮਚੀ ਹਫ਼ੜਾ-ਦਫ਼ੜੀ
ਸੀਕਰ (ਰਾਜਸਥਾਨ) 20 ਨਵੰਬਰ 2026
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਸਥਿਤ ਪ੍ਰਸਿੱਧ ਖਾਟੂਸ਼ਿਆਮਜੀ ਮੰਦਰ ਵਿਖੇ ਬਾਬਾ ਸ਼ਿਆਮ ਦੇ ਜਨਮ ਉਤਸਵ ਮੌਕੇ ਇਕੱਠੀ ਹੋਈ ਲੱਖਾਂ ਸ਼ਰਧਾਲੂਆਂ ਦੀ ਭੀੜ ਦਰਮਿਆਨ ਇੱਕ ਭੋਜਨਾਲੇ ਵਿੱਚ ਭਿਆਨਕ ਅੱਗ ਲੱਗਣ ਕਾਰਨ ਹਫ਼ੜਾ-ਦਫ਼ੜੀ ਮਚ ਗਈ। ਇਸ ਘਟਨਾ ਦੌਰਾਨ ਭੋਜਨਾਲੇ ਵਿੱਚ ਰੱਖੇ ਚਾਰ ਗੈਸ ਸਿਲੰਡਰ ਵੀ ਫਟ ਗਏ। ਖੁਸ਼ਕਿਸਮਤੀ ਰਹੀ ਕਿ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ ਗਿਆ ਅਤੇ ਇੱਕ ਵੱਡਾ ਹਾਦਸਾ ਟਲ ਗਿਆ।
ਜਾਣਕਾਰੀ ਅਨੁਸਾਰ ਇਹ ਅੱਗ 19 ਨਵੰਬਰ ਦੀ ਰਾਤ ਨੂੰ ਮੰਦਰ ਦੇ ਬਾਹਰ ਜਾਣ ਵਾਲੇ ਰਸਤੇ ’ਤੇ ਕਲਾ ਭਵਨ ਧਰਮਸ਼ਾਲਾ ਦੇ ਸਾਹਮਣੇ ਸਥਿਤ ਨੰਦ ਭੋਜਨਾਲੇ ਵਿੱਚ ਲੱਗੀ। ਅੱਗ ਲੱਗਣ ਦੇ ਸੰਭਾਵਿਤ ਕਾਰਨਾਂ ਵਿੱਚ ਆਤਿਸ਼ਬਾਜ਼ੀ ਅਤੇ ਬਿਜਲੀ ਦੇ ਸ਼ਾਰਟ ਸਰਕਟ ਨੂੰ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬਾਬਾ ਸ਼ਿਆਮ ਦੇ ਜਨਮ ਉਤਸਵ ਮੌਕੇ ਖਾਟੂਸ਼ਿਆਮਜੀ ਵਿੱਚ ਆਤਿਸ਼ਬਾਜ਼ੀ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਸੀ। ਇਸ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਅੱਧੀ ਰਾਤ ਨੂੰ ਲੁਕ-ਛਿਪ ਕੇ ਪਟਾਕੇ ਚਲਾਉਣ ਅਤੇ ਬਲਦੇ ਪਟਾਕੇ ਸੁੱਟਣ ਦੀ ਗੱਲ ਸਾਹਮਣੇ ਆਈ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਕਰਮਚਾਰੀਆਂ ਨੇ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਸਵੇਰੇ ਕਰੀਬ 3 ਵਜੇ ਅੱਗ ’ਤੇ ਕਾਬੂ ਪਾਇਆ।





