ਪੰਜਾਬ ਚੋਣਾਂ ਲਈ ਭਾਜਪਾ ਨੇ ਖੋਲ੍ਹਿਆ ਸੁਝਾਵਾਂ ਦਾ ਪਿਟਾਰਾ, ਲੋਕਾਂ ਦੀ ਰਾਇ ਨਾਲ ਤਿਆਰ ਹੋਵੇਗਾ ‘ਸੰਕਲਪ ਪੱਤਰ’
ਚੰਡੀਗੜ੍ਹ, 22 ਨਵੰਬਰ 2026: ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤਹਿਤ ਭਾਰਤੀ ਜਨਤਾ ਪਾਰਟੀ ਨੇ ਆਪਣੇ ਸੰਕਲਪ ਪੱਤਰ (ਚੋਣ ਮੈਨੀਫੈਸਟੋ) ਲਈ ਲੋਕਾਂ ਤੋਂ ਸੁਝਾਅ ਲੈਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦਫ਼ਤਰ ਵਿਖੇ ਆਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਪਾਰਟੀ ਆਗੂਆਂ ਨੇ ਇਸ ਮੁਹਿੰਮ ਦਾ ਆਗਾਜ਼ ਕਰਦਿਆਂ ਇੱਕ ਫ਼ੋਨ ਨੰਬਰ 79719-43333 ਵੀ ਜਾਰੀ ਕੀਤਾ।
ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪਾਰਟੀ ਦੇ ਪੰਜਾਬ ਇੰਚਾਰਜ ਡਾ. ਸਤੀਸ਼ ਪੂਨੀਆ, ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ, ਮਨਪ੍ਰੀਤ ਬਾਦਲ, ਐਚ.ਐਸ. ਫੂਲਕਾ, ਸਤਨਾਮ ਸੰਧੂ, ਰਾਜਿੰਦਰ ਗੁਪਤਾ, ਮਨੋਰੰਜਨ ਕਾਲੀਆ, ਸੋਮ ਪ੍ਰਕਾਸ਼ ਅਤੇ ਪਰਮ ਪਾਲ ਕੌਰ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।
ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਲੋਕਾਂ ਦੀ ਰਾਇ ਜਾਣਨ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਿਸ਼ੇਸ਼ ਵੈਨਾਂ ਭੇਜੀਆਂ ਜਾਣਗੀਆਂ। ਇਨ੍ਹਾਂ ਵੈਨਾਂ ਵਿੱਚ ਸੁਝਾਅ ਪੇਟੀਆਂ ਰੱਖੀਆਂ ਜਾਣਗੀਆਂ, ਜਿੱਥੇ ਹਰ ਵਰਗ ਦੇ ਲੋਕ ਆਪਣੀ ਰਾਇ ਦੇ ਸਕਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦਾ ਉਦੇਸ਼ ਲੋਕਾਂ ਦੀਆਂ ਉਮੀਦਾਂ ਅਨੁਸਾਰ ਮੈਨੀਫੈਸਟੋ ਤਿਆਰ ਕਰਨਾ ਹੈ ਅਤੇ ਅਗਲੇ ਮਹੀਨੇ ਤੱਕ ਇਸ ਨੂੰ ਜਾਰੀ ਕਰ ਦਿੱਤਾ ਜਾਵੇਗਾ।
ਗੱਠਜੋੜ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਢਿੱਲੋਂ ਨੇ ਕਿਹਾ ਕਿ ਭਾਜਪਾ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ, ਜਦਕਿ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਨ ਵੱਲੋਂ ਲਿਆ ਜਾਵੇਗਾ।





