- CJP ਦੇ ਤਿੰਨ ਆਗੂਆਂ ਖ਼ਿਲਾਫ਼ LOC ਜਾਰੀ, ਵਿਦੇਸ਼ ਜਾਣ ’ਤੇ ਲੱਗੀ ਰੋਕ
ਨਵੀਂ ਦਿੱਲੀ: ; 26 ਨਵੰਬਰ (ਦੇਸ਼ ਕਲਿੱਕ ਬਿਊਰੋ): ਕਾਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਅਤੇ ਸਹਿ-ਕਨਵੀਨਰ ਆਸ਼ੂਤੋਸ਼ ਰਾਂਕਾ ਖ਼ਿਲਾਫ਼ ਮੁੰਬਈ ਪੁਲਿਸ ਨੇ ਵੀਰਵਾਰ ਨੂੰ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਹੈ। ਦੋਵਾਂ ਆਗੂਆਂ ਖ਼ਿਲਾਫ਼ ਗਾਂਧੀ ਜਯੰਤੀ ਮੌਕੇ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਬਿਨਾਂ ਮਨਜ਼ੂਰੀ ਰੈਲੀ ਕਰਨ ਦੇ ਮਾਮਲੇ ਵਿੱਚ ਕੇਸ ਵੀ ਦਰਜ ਹੈ। ਇਸ ਤੋਂ ਪਹਿਲਾਂ CJP ਆਗੂ ਸੌਰਵ ਦਾਸ ਖ਼ਿਲਾਫ਼ ਵੀ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਕੇਂਦਰ ਸਰਕਾਰ ਨੇ ਦਿੱਲੀ ਹਾਈਕੋਰਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਕਾਰਨ ਸੌਰਵ ਦੇ ਵਿਦੇਸ਼ ਜਾਣ ’ਤੇ ਰੋਕ ਲੱਗੀ ਹੋਈ ਹੈ।
ਪਾਸਪੋਰਟ ਦੇ ਵੇਰਵਿਆਂ ਵਿੱਚ ਗੜਬੜੀਆਂ ਦਾ ਦਾਅਵਾ
ਕੇਂਦਰ ਸਰਕਾਰ ਮੁਤਾਬਕ ਸੌਰਵ ਦਾਸ ਦੇ ਪਾਸਪੋਰਟ ਵਿੱਚ ਪਿਤਾ ਦੇ ਨਾਂ ਵਾਲਾ ਕਾਲਮ ਖਾਲੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਜਨਮ ਸਥਾਨ, ਪੜ੍ਹਾਈ ਅਤੇ ਪਤੇ ਨਾਲ ਜੁੜੀ ਜਾਣਕਾਰੀ ਵਿੱਚ ਵੀ ਫ਼ਰਕ ਪਾਇਆ ਗਿਆ ਹੈ। ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਨ੍ਹਾਂ ਗੜਬੜੀਆਂ ਦਾ ਅਸਰ ਉਨ੍ਹਾਂ ਦੀ ਨਾਗਰਿਕਤਾ ’ਤੇ ਵੀ ਪੈ ਸਕਦਾ ਹੈ। 23 ਨਵੰਬਰ ਨੂੰ ਸੌਰਵ ਦਾਸ ਨੂੰ ਦਿੱਲੀ ਹਵਾਈ ਅੱਡੇ ’ਤੇ ਲੰਡਨ ਜਾਣ ਵਾਲੀ ਉਡਾਣ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ। ਉਨ੍ਹਾਂ ਨੇ ਬ੍ਰਿਟੇਨ ਦੀ ਇੱਕ ਯੂਨੀਵਰਸਿਟੀ ਵਿੱਚ ‘ਕਾਕਰੋਚ ਮੂਵਮੈਂਟ’ ਬਾਰੇ ਭਾਸ਼ਣ ਦੇਣਾ ਸੀ। ਇਸ ਤੋਂ ਬਾਅਦ 24 ਨਵੰਬਰ ਨੂੰ ਉਨ੍ਹਾਂ ਨੇ ਵਿਦੇਸ਼ ਜਾਣ ਤੋਂ ਰੋਕਣ ਦੇ ਫ਼ੈਸਲੇ ਨੂੰ ਦਿੱਲੀ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ।
ਦਾਸ ਦੇ ਵਕੀਲ ਨੇ ਨੋਟਿਸ ਦੀ ਕਾਪੀ ਮੰਗੀ
ਅਦਾਲਤ ਵਿੱਚ ਸੌਰਵ ਦਾਸ ਦੇ ਵਕੀਲ ਅਖਿਲ ਸਿੱਬਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਲੁੱਕਆਊਟ ਨੋਟਿਸ ਜਾਰੀ ਹੋਣ ਜਾਂ ਵਿਦੇਸ਼ ਜਾਣ ਤੋਂ ਰੋਕਣ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਹੀ ਨੋਟਿਸ ਬਾਰੇ ਦੱਸਿਆ ਗਿਆ, ਜਦਕਿ ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਹਾਜ਼ ਵਿੱਚ ਚੜ੍ਹਨ ਤੋਂ ਰੋਕ ਦਿੱਤਾ ਸੀ। ਵਕੀਲ ਨੇ ਅਦਾਲਤ ਤੋਂ ਲੁੱਕਆਊਟ ਨੋਟਿਸ ਜਾਰੀ ਕਰਨ ਦਾ ਕਾਰਨ ਦੱਸਣ ਅਤੇ ਇਸ ਦੀ ਕਾਪੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਇਸ ’ਤੇ ਕੇਂਦਰ ਨੇ ਕਿਹਾ ਕਿ ਨੋਟਿਸ ਦੀ ਕਾਪੀ ਨਹੀਂ ਦਿੱਤੀ ਜਾ ਸਕਦੀ, ਪਰ ਹੁਣ ਸੌਰਵ ਨੂੰ ਇਸ ਬਾਰੇ ਜਾਣਕਾਰੀ ਹੈ ਅਤੇ ਉਹ ਅਦਾਲਤ ਵਿੱਚ ਇਸ ਨੂੰ ਚੁਣੌਤੀ ਦੇ ਸਕਦੇ ਹਨ।
ਸਰਕਾਰ ਨੇ ਕਿਹਾ- ਪਾਸਪੋਰਟ ਰੱਦ ਨਹੀਂ ਕੀਤਾ
ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ 23 ਨਵੰਬਰ ਨੂੰ ਸ਼ਾਮ 7:32 ਵਜੇ ਸੌਰਵ ਦਾਸ ਨੂੰ ਨੋਟਿਸ ਭੇਜਿਆ ਗਿਆ ਸੀ। ਇਸ ਤੋਂ ਚਾਰ ਮਿੰਟ ਬਾਅਦ ਉਨ੍ਹਾਂ ਨੂੰ ਵਿਦੇਸ਼ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ। ਪਾਸਪੋਰਟ ਵਿੱਚ ਸਾਹਮਣੇ ਆਈਆਂ ਗੜਬੜੀਆਂ ਬਾਰੇ ਜਵਾਬ ਦੇਣ ਲਈ ਉਨ੍ਹਾਂ ਨੂੰ 30 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਸਰਕਾਰ ਨੇ ਸਪੱਸ਼ਟ ਕੀਤਾ ਕਿ ਸੌਰਵ ਦਾਸ ਦਾ ਪਾਸਪੋਰਟ ਰੱਦ ਨਹੀਂ ਕੀਤਾ ਗਿਆ, ਸਗੋਂ ਉਨ੍ਹਾਂ ਨੂੰ ਫਿਲਹਾਲ ਵਿਦੇਸ਼ ਯਾਤਰਾ ਨਾ ਕਰਨ ਲਈ ਕਿਹਾ ਗਿਆ ਹੈ।
ਸੌਰਵ ਦਾ ਦੋਸ਼- ਪਾਸਪੋਰਟ ਲੀਕ ਕੀਤਾ ਗਿਆ
ਇਸ ਮਾਮਲੇ ਵਿੱਚ ਸੌਰਵ ਦਾਸ ਨੇ ਬੁੱਧਵਾਰ ਨੂੰ ‘ਐਕਸ’ ’ਤੇ ਪੋਸਟ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਸਮਰਥਕ ਕੁਝ ਸੋਸ਼ਲ ਮੀਡੀਆ ਹੈਂਡਲਾਂ ਵੱਲੋਂ ਉਨ੍ਹਾਂ ਦਾ ਪਾਸਪੋਰਟ ਲੀਕ ਕੀਤਾ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਵਿਦੇਸ਼ ਮੰਤਰਾਲਾ ਦੱਸੇਗਾ ਕਿ ਨਾਗਰਿਕਾਂ ਦੇ ਪਾਸਪੋਰਟ ਇਸ ਤਰ੍ਹਾਂ ਲੀਕ ਹੋਣਾ ਆਮ ਗੱਲ ਹੈ? ਕੀ ਨਵੇਂ ਭਾਰਤ ਵਿੱਚ ਕਿਸੇ ਦੀ ਨਿੱਜੀ ਜਾਣਕਾਰੀ ਜਨਤਕ ਕਰਨਾ ਕਾਨੂੰਨੀ ਹੋ ਗਿਆ ਹੈ?





