ਹਵਾਈ ਹਮਲੇ ਦੀ ਐਮਰਜੈਂਸੀ ਨਾਲ ਨਜਿੱਠਣ ਦੀਆਂ ਤਿਆਰੀਆਂ ਪਰਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਕ ਡਰਿੱਲ

Top Trending News ਪੰਜਾਬ
  • ਹਵਾਈ ਹਮਲੇ ਦੀ ਐਮਰਜੈਂਸੀ ਨਾਲ ਨਜਿੱਠਣ ਦੀਆਂ ਤਿਆਰੀਆਂ ਪਰਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਕ ਡਰਿੱਲ
  • ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 10 ਮਿੰਟ ਦਾ ਬਲੈਕਆਊਟ; ਸਿਵਲ ਡਿਫੈਂਸ ਵਲੰਟੀਅਰਾਂ, ਫਾਇਰ ਟੈਂਡਰਾਂ ਅਤੇ ਐਮਰਜੈਂਸੀ ਟੀਮਾਂ ਨੇ ਤਾਲਮੇਲ ਨਾਲ ਕਾਰਵਾਈ ਦਾ ਪ੍ਰਦਰਸ਼ਨ ਕੀਤਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਨਵੰਬਰ, (ਦੇਸ਼ ਕਲਿੱਕ ਬਿਊਰੋ): ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਅੱਜ ਸ਼ਾਮ ਹਵਾਈ ਹਮਲੇ ਵਰਗੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਦੀ ਤਿਆਰੀ ਅਤੇ ਜਵਾਬੀ ਕਾਰਵਾਈ ਦੀ ਸਮਰੱਥਾ ਪਰਖਣ ਵਾਸਤੇ ਮੌਕ ਡਰਿੱਲ ਕਰਵਾਈ ਗਈ।

ਮੌਕ ਡਰਿੱਲ ਤਹਿਤ ਰਾਤ 8 ਵਜੇ ਹਵਾਈ ਹਮਲੇ ਦਾ ਸਾਇਰਨ ਵਜਾਇਆ ਗਿਆ, ਜਿਸ ਉਪਰੰਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀਆਂ ਲਾਈਟਾਂ ਤੁਰੰਤ ਬੰਦ ਕਰਕੇ 10 ਮਿੰਟ ਦਾ ਬਲੈਕਆਊਟ ਕੀਤਾ ਗਿਆ। ਸਾਇਰਨ ਦਾ ਸੰਕੇਤ ਪੂਰਾ ਹੋਣ ਉਪਰੰਤ ਲਾਈਟਾਂ ਮੁੜ ਚਾਲੂ ਕੀਤੀਆਂ ਗਈਆਂ। ਇਸ ਤੋਂ ਬਾਅਦ ਸਿਵਲ ਡਿਫੈਂਸ ਦੇ ਵਲੰਟੀਅਰਾਂ ਵੱਲੋਂ ਇੰਚਾਰਜ ਸਿਵਲ ਡਿਫੈਂਸ, ਇੰਸਪੈਕਟਰ ਨਰਾਇਣ ਸ਼ਰਮਾ ਦੀ ਅਗਵਾਈ ਹੇਠ ਹਵਾਈ ਹਮਲੇ (ਮੌਕ ਡਰਿੱਲ) ਦੌਰਾਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ।

ਇਸ ਦੌਰਾਨ ਅੱਗ ਲੱਗਣ ਦੀ ਇੱਕ ਨਕਲੀ ਐਮਰਜੈਂਸੀ ਸਥਿਤੀ ਵੀ ਪੈਦਾ ਕੀਤੀ ਗਈ, ਜਿਸ ‘ਤੇ ਫਾਇਰ ਟੈਂਡਰਾਂ ਵੱਲੋਂ ਤੁਰੰਤ ਕਾਬੂ ਪਾਇਆ ਗਿਆ। ਸਿਵਲ ਡਿਫੈਂਸ ਵਲੰਟੀਅਰਾਂ ਨੇ ਜ਼ਖ਼ਮੀਆਂ ਨੂੰ ਸੁਰੱਖਿਅਤ ਥਾਵਾਂ ਤੋਂ ਬਾਹਰ ਕੱਢਣ, ਐਂਬੂਲੈਂਸਾਂ ਤੱਕ ਪਹੁੰਚਾਉਣ ਅਤੇ ਅਗਲੇਰੀ ਡਾਕਟਰੀ ਸਹਾਇਤਾ ਲਈ ਹਸਪਤਾਲਾਂ ਵਿੱਚ ਲਿਜਾਣ ਦੀ ਪ੍ਰਕਿਰਿਆ ਦਾ ਪ੍ਰਦਰਸ਼ਨ ਵੀ ਕੀਤਾ।

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ ਨੇ ਜ਼ਿਲ੍ਹਾ ਮਾਲ ਅਫ਼ਸਰ ਨਵਕਿਰਤ ਸਿੰਘ ਰੰਧਾਵਾ ਦੇ ਨਾਲ ਮੌਕ ਡਰਿੱਲ ਦੀ ਨਿਗਰਾਨੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਅਭਿਆਸ ਸਫਲਤਾਪੂਰਵਕ ਨੇਪਰੇ ਚੜ੍ਹਿਆ ਅਤੇ ਇਸ ਰਾਹੀਂ ਐਮਰਜੈਂਸੀ ਸਥਿਤੀ ਦੌਰਾਨ ਸਬੰਧਤ ਵਿਭਾਗਾਂ ਦੇ ਆਪਸੀ ਤਾਲਮੇਲ, ਤਿਆਰੀ ਅਤੇ ਜਵਾਬੀ ਕਾਰਵਾਈ ਦੀ ਸਮਰੱਥਾ ਨੂੰ ਪਰਖਿਆ ਗਿਆ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਮਰਜੈਂਸੀ ਸੇਵਾਵਾਂ ਨਾਲ ਸਬੰਧਤ ਟੀਮਾਂ ਦੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਸਾਲ ਵਿੱਚ ਦੋ ਵਾਰ ਅਜਿਹੇ ਅਭਿਆਸ ਕਰਵਾਏ ਜਾਂਦੇ ਹਨ। ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ 24 ਅਪ੍ਰੈਲ, 2026 ਨੂੰ ਮੌਕ ਡਰਿੱਲ ਕਰਵਾਈ ਗਈ ਸੀ।

ਇਸ ਅਭਿਆਸ ਦਾ ਮੁੱਖ ਉਦੇਸ਼ ਵੱਖ-ਵੱਖ ਵਿਭਾਗਾਂ ਦੇ ਆਪਸੀ ਤਾਲਮੇਲ, ਐਮਰਜੈਂਸੀ ਪ੍ਰਬੰਧਾਂ, ਅੱਗ ਬੁਝਾਊ ਕਾਰਵਾਈ, ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਪ੍ਰਕਿਰਿਆ ਅਤੇ ਸਿਵਲ ਡਿਫੈਂਸ ਵਲੰਟੀਅਰਾਂ ਦੀ ਤਿਆਰੀ ਦਾ ਮੁਲਾਂਕਣ ਕਰਨਾ ਸੀ।