ਚਮਕੌਰ ਸਾਹਿਬ 10 ਮਈ (ਭਟੋਆ)
ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡ ਬੇਲਾ ਤੋਂ ਪਿੰਡ ਜਿੰਦਾਪੁਰ- ਬਲਾਚੌਰ ਨੂੰ ਜੋੜਨ ਵਾਲੀ ਕਿਸ਼ਤੀ ਪਿਛਲੇ ਦੋ ਮਹੀਨਿਆਂ ਤੋਂ ਬੰਦ ਹੋਣ ਕਾਰਨ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਦੇਸ਼ ਦੀ ਵੰਡ ਦੇ ਸਮੇਂ ਤੋਂ ਚੱਲਦੀ ਆ ਰਹੀ ਇਹ ਕਿਸ਼ਤੀ ਉਨ੍ਹਾਂ ਦੀ ਜ਼ਿੰਦਗੀ ਦੀ ਅਹਿਮ ਕੜੀ ਹੈ, ਜਿਸ ਦੇ ਬੰਦ ਹੋਣ ਨਾਲ ਹਜ਼ਾਰਾਂ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚਾਇਤ ਮੈਂਬਰ ਹਰਜੀਤ ਸਿੰਘ ,ਬੱਗਾ ਸਿੰਘ ਪੰਚ, ਨਵਪ੍ਰੀਤ ਕੌਰ ਅਤੇ ਪੰਚ ਅਮਨਦੀਪ ਸਿੰਘ, ਬੂਟਾ ਸਿੰਘ ਚੌਕੀਦਾਰ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਰਸਤੇ ਰਾਹੀਂ ਰੋਜ਼ਾਨਾ 700 ਤੋਂ 800 ਦੇ ਕਰੀਬ ਕਿਸਾਨ, ਮਜ਼ਦੂਰ, ਸਰਕਾਰੀ ਮੁਲਾਜ਼ਮ ਅਤੇ ਸਕੂਲੀ ਵਿਦਿਆਰਥੀ ਆਉਂਦੇ-ਜਾਂਦੇ ਹਨ। ਕਿਸ਼ਤੀ ਬੰਦ ਹੋਣ ਕਾਰਨ ਜਿਹੜਾ ਸਫਰ ਮਹਿਜ਼ 7-8 ਕਿਲੋਮੀਟਰ ਵਿੱਚ ਤੈਅ ਹੁੰਦਾ ਸੀ, ਹੁਣ ਉਸੇ ਰਸਤੇ ਲਈ ਵਾਇਆ ਰੂਪਨਗਰ ਹੋ ਕੇ 70-75 ਕਿਲੋਮੀਟਰ ਦਾ ਲੰਬਾ ਪੈਂਡਾ ਤੈਅ ਕਰਨਾ ਪੈ ਰਿਹਾ ਹੈ। ਇਸ ਨਾਲ ਨਾ ਸਿਰਫ ਸਮੇਂ ਦੀ ਬਰਬਾਦੀ ਹੋ ਰਹੀ ਹੈ, ਸਗੋਂ ਲੋਕਾਂ ‘ਤੇ ਆਰਥਿਕ ਬੋਝ ਵੀ ਵਧ ਗਿਆ ਹੈ।
ਇਸ ਮੌਕੇ ਤੇ ਗੱਲ ਕਰਦਿਆ ਮੌਲਵੀ ਉਮਰਦੀਨ ਤੇ ਹੋਰ ਲੋਕਾਂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੇਲਾ-ਪਨਿਆਲੀ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਨਿਰਮਾਣ ਲਈ ਮੈਟੀਰੀਅਲ ਵੀ ਪਹੁੰਚ ਚੁੱਕਾ ਸੀ। ਜਿਸ ਕਾਰਨ ਇਲਾਕਾ ਵਾਸੀਆਂ ਨੂੰ ਉਮੀਦ ਸੀ ਕਿ ਪੁਲ ਬਣਨ ਨਾਲ ਜਲਦੀ ਹੀ ਉਨ੍ਹਾਂ ਦੀ ਇਹ ਵੱਡੀ ਮੁਸ਼ਕਿਲ ਹੱਲ ਹੋ ਜਾਵੇਗੀ। ਪ੍ਰੰਤੂ ਸੂਬੇ ਵਿੱਚ ਸਰਕਾਰ ਬਦਲਣ ਤੋਂ ਬਾਅਦ ਪੁਲ ਦਾ ਕੰਮ ਸ਼ੁਰੂ ਹੋਣਾ ਤਾਂ ਦੂਰ ਦੀ ਗੱਲ, ਉੱਥੇ ਪਿਆ ਨਿਰਮਾਣ ਸਮਾਨ ਵੀ ਵਾਪਸ ਚੁੱਕ ਲਿਆ ਗਿਆ। ਸਗੋ ਕਿਸ਼ਤੀ ਵੀ ਬੰਦ ਹੋ ਗਈ।
ਉਪਰੋਕਤ ਪੰਚਾਇਤ ਮੈਂਬਰਾਂ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਜੁਲਾਈ 2025 ਵਿੱਚ ਕਰੀਬ 7.50 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਕਿਸ਼ਤੀ ਦਰਿਆ ਵਿੱਚ ਛੱਡੀ ਗਈ ਸੀ। ਪ੍ਰੰਤੂ ਇਸ ਵਿਚ ਘਟੀਆ ਮੈਟੀਰੀਅਲ ਵਰਤਣ ਕਾਰਨ ਇਸ ਕਿਸ਼ਤੀ ਦੇ ਹੇਠਲੇ ਹਿੱਸੇ ਵਿੱਚ ਲੱਗੀ ਲੱਕੜ ਵਿੱਚ ਤਰੇੜਾਂ ਪੈਣ ਕਾਰਨ ਇਸ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਇਹ ਕਈ ਵਾਰ ਦਰਿਆ ਵਿੱਚ ਡੁੱਬ ਚੁੱਕੀ ਹੈ। ਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋ ਇਹ ਕਿਸ਼ਤੀ ਹਰ ਸਾਲ 31 ਮਾਰਚ ਤੋ ਬਾਅਦ ਠੇਕੇ ਤੇ ਦਿੱਤੀ ਜਾਂਦੀ ਸੀ, ਜਿਸ ਤੋ ਪੰਚਾਇਤ ਨੂੰ ਡੇਢ ਲੱਖ ਰੁਪਏ ਤੋ ਵੱਧ ਦੀ ਸਲਾਨਾ ਆਮਦਨ ਹੁੰਦੀ ਸੀ ਪਰੰਤੂ ਹੁਣ ਇਸ ਵਿਚ ਪਾਣੀ ਭਰ ਜਾਣ ਕਾਰਨ ਕੋਈ ਵੀ ਇਸ ਨੂੰ ਅੱਧੇ ਮੁੱਲ ਤੇ ਵੀ ਠੇਕੇ ਤੇ ਲੈਣ ਨੂੰ ਤਿਆਰ ਨਹੀ ।ਜਿਸ ਕਾਰਨ ਹੁਣ ਇਹ ਕਿਸ਼ਤੀ ਪੂਰੀ ਤਰ੍ਹਾਂ ਬੰਦ ਪਈ ਹੈ।
ਇਸੇ ਦੌਰਾਨ ਪਿੰਡ ਘੁੜਕੇਵਾਲ ਦੇ ਚੌਕੀਦਾਰ ਬੂਟਾ ਸਿੰਘ ਨੇ ਡੀ.ਡੀ.ਪੀ.ਓ ਰੂਪਨਗਰ ਨੂੰ ਇੱਕ
ਦਰਖਾਸਤ ਰਾਂਹੀ ਇਸ ਨਵੀ ਬਣਵਾਈ ਗਈ ਕਿਸਤੀ ਵਿੱਚ ਘਪਲਾ ਕਰਨ ਦੇ ਦੋਸ਼ ਲਗਾਏ ਗਏ ਹਨ।
ਬੂਟਾ ਸਿੰਘ ਚੌਕੀਦਾਰ ਨੇ ਆਪਣੀ ਦਰਖਾਸਤ ਵਿੱਚ ਦੱਸਿਆ ਕਿ ਸਰਪੰਚ ਵੱਲੋ ਦਰਿਆ ਸਤਲੁਜ ਵਿਚੋਂ ਲੰਘਣ ਲਈ ਜੋ ਨਵੀ ਕਿਸਤੀ ਬਣਵਾਈ ਗਈ ਹੈ ਇਹ ਕਿਸਤੀ ਬਹੁਤ ਹਲਕੀ ਲੱਕੜ ਦੀ ਬਣਵਾਈ ਗਈ ਹੈ। ਬੂਟਾ ਸਿੰਘ ਨੇ ਕਿਹਾ ਕਿ ਕਿਸਤੀ ਨੂੰ ਲੱਕੜ ਦੀ 2 ਇੰਚੀ ਫੱਟੀ ਲੱਗਦੀ ਹੈ ਪਰੰਤੂ ਸਰਪੰਚ ਵਲੋਂ ਕਥਿਤ ਤੌਰ ਤੇ ਮਿਲੀ ਭੁਗਤ ਕਰਕੇ ਲੱਕੜ ਇੱਕ ਇੰਚੀ ਲਗਵਾ ਦਿੱਤੀ ਹੈ ਜਿਸ ਕਾਰਨ ਲੱਕੜ ਪਤਲੀ ਹੋਣ ਕਰਕੇ ਤਿੜ ਗਈ ਹੈ ਅਤੇ ਲੱਕੜ ਵਿੱਚ ਤਰੇੜਾ ਆਉਣ ਕਾਰਨ ਕਿਸਤੀ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਕਿਸੇ ਵੀ ਸਮੇ ਕੋਈ ਹਾਦਸਾ ਵਾਪਰ ਸਕਦਾ ਹੈ ਅਤੇ ਕਿਸੇ ਵੀ ਸਮੇ ਜਾਨੀ ਨੁਕਸਾਨ ਹੋ ਸਕਦਾ ਹੈ।
ਬੂਟਾ ਸਿੰਘ ਚੌਕੀਦਾਰ ਨੇ ਕਿਸ਼ਤੀ ਵਿਚ ਵਰਤੇ ਗਏ ਮੈਟੀਰੀਅਲ ਦੀ ਉੱਚ ਪਦਰੀ ਜਾਂਚ ਦੀ ਮੰਗ ਕੀਤੀ ਹੈ ਹ ਉਧਰ ਜਦੋਂ ਇਸ ਸਬੰਧੀ ਸਰਪੰਚ ਜਤਿੰਦਰ ਕੌਰ ਦੇ ਪਤੀ ਮਲਕੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਉਪਰੋਕਤ ਦੋਸ਼ਾਂ ਨੂੰ ਰੱਦ ਕਰਦਿਆਂ ਦੱਸਿਆ ਕਿ ਕਿਸ਼ਤੀ ਚਲਾਉਣ ਲਈ ਪਹਿਲਾਂ ਦੋ ਵਾਰੀ ਬੋਲੀ ਰੱਖੀ ਜਾ ਚੁੱਕੀ ਹੈ ਪ੍ਰੰਤੂ ਕਿਸੇ ਬੋਲੀਕਾਰ ਦੇ ਨਾ ਹੋਣ ਕਾਰਨ ਇਹ ਰੱਦ ਕੀਤੀ ਜਾਂਦੀ ਰਹੀ ਹੈ ਤੇ ਹੁਣ ਕੱਲ ਫੇਰ ਬੋਲੀ ਰੱਖੀ ਗਈ ਹੈ ਤੇ ਜਲਦੀ ਹੀ ਇਸ ਕਿਸ਼ਤੀ ਨੂੰ ਚਾਲੂ ਕਰ ਦਿੱਤਾ ਜਾਵੇ।



