ਅਬੋਹਰ 3 ਜੂਨ 2026: ਅਬੋਹਰ ਇਲਾਕੇ ਵਿੱਚ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਚੱਲ ਰਹੀ “ਡਰੱਗ ਅਤੇ ਸਮਾਜਿਕ-ਆਰਥਿਕ ਜਨਗਣਨਾ 2026” ਦੇ ਸਰਵੇਖਣ ਦੌਰਾਨ ਇੱਕ ਨਾਗਰਿਕ ਵੱਲੋਂ ਗਿਣਤੀਕਾਰ (ਸਟਾਫ਼) ਨਾਲ ਬਦਸਲੂਕੀ ਕਰਨ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਪ੍ਰਸ਼ਾਸਨ ਵੱਲੋਂ ਲਏ ਸਖ਼ਤ ਨੋਟਿਸ ਤੋਂ ਬਾਅਦ ਸਬੰਧਤ ਸ਼ਹਿਰੀ ਨੇ ਐੱਸ.ਡੀ.ਐੱਮ. ਦਫ਼ਤਰ ਵਿਖੇ ਹਾਜ਼ਰ ਹੋ ਕੇ ਆਪਣੀ ਗਲਤੀ ਮੰਨਦੇ ਹੋਏ ਲਿਖਤੀ ਮੁਆਫ਼ੀ ਮੰਗ ਲਈ ਹੈ। ਕਰਮਚਾਰੀ ਦੇ ਮਾਣ-ਸਤਿਕਾਰ ਨੂੰ ਮੁੱਖ ਰੱਖਦਿਆਂ, ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਅਜਿਹੀ ਗਲਤੀ ਨਾ ਦੁਹਰਾਉਣ ਦੀ ਚੇਤਾਵਨੀ ਦੇ ਕੇ ਇਸ ਮਾਮਲੇ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਜ਼ਿੰਮੇਵਾਰ ਨਾਗਰਿਕਾਂ ਲਈ ਪ੍ਰਸ਼ਾਸਨਿਕ ਸੁਨੇਹਾ:
ਸਟਾਫ਼ ਦਾ ਸਹਿਯੋਗ ਕਰੋ: ਘਰ-ਘਰ ਆਉਣ ਵਾਲੇ ਗਿਣਤੀਕਾਰ ਭਿਆਨਕ ਗਰਮੀ ਵਿੱਚ ਸਰਕਾਰੀ ਡਿਊਟੀ ਨਿਭਾ ਰਹੇ ਹਨ। ਸਮਾਜ ਦੀ ਬਿਹਤਰੀ ਲਈ ਬਣ ਰਹੀਆਂ ਨੀਤੀਆਂ ਵਿੱਚ ਉਨ੍ਹਾਂ ਨੂੰ ਸਹੀ ਜਾਣਕਾਰੀ ਦੇ ਕੇ ਸਹਿਯੋਗ ਕਰੋ।
ਆਈ.ਡੀ. ਕਾਰਡ ਦੀ ਮੰਗ: ਸੁਰੱਖਿਆ ਦੇ ਲਿਹਾਜ਼ ਨਾਲ, ਤੁਸੀਂ ਸਰਵੇਖਣ ਸਟਾਫ਼ ਕੋਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਅਧਿਕਾਰਤ ਪਛਾਣ-ਪੱਤਰ (ID Card) ਮੰਗ ਕੇ ਦੇਖ ਸਕਦੇ ਹੋ।
ਡਾਟਾ ਪੂਰੀ ਤਰ੍ਹਾਂ ਸੁਰੱਖਿਅਤ: ਇਸ ਸਰਵੇਖਣ ਦੌਰਾਨ ਇਕੱਤਰ ਕੀਤਾ ਡਾਟਾ ਪੂਰੀ ਤਰ੍ਹਾਂ ਗੁਪਤ (Confidential) ਰੱਖਿਆ ਜਾਵੇਗਾ, ਇਸ ਲਈ ਬੇਝਿਜਕ ਹੋ ਕੇ ਸਹੀ ਜਾਣਕਾਰੀ ਸਾਂਝੀ ਕਰੋ।
ਕਾਨੂੰਨੀ ਚੇਤਾਵਨੀ: ਔਨ-ਡਿਊਟੀ ਸਟਾਫ਼ ਨਾਲ ਬਦਸਲੂਕੀ ਕਰਨਾ ਜਾਂ ਸਰਕਾਰੀ ਕੰਮ ਰੋਕਣਾ ਗੰਭੀਰ ਕਾਨੂੰਨੀ ਅਪਰਾਧ ਹੈ। ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪ੍ਰਸ਼ਾਸਨ ਸਮੂਹ ਹਲਕਾ ਨਿਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਇੱਕ ਜਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣ ਅਤੇ ਇਸ ਭਲਾਈ ਸਰਵੇਖਣ ਨੂੰ ਸਫ਼ਲ ਬਣਾਉਣ ਵਿੱਚ ਮਦਦ ਕਰਨ।



