ਪੰਜਾਬ ‘ਚ ਕੁਦਰਤ ਦਾ ਕਹਿਰ! ਮੀਂਹ-ਤੂਫ਼ਾਨ ਕਾਰਨ 18 ਸਾਲਾ ਕੁੜੀ ਦੀ ਮੌਤ

Top Trending News ਪੰਜਾਬ

 

Nature’s fury in Punjab! ਪੰਜਾਬ ‘ਚ ਕੁਦਰਤ ਦਾ ਕਹਿਰ: ਮੀਂਹ-ਤੂਫ਼ਾਨ ਕਾਰਨ 18 ਸਾਲਾ ਕੁੜੀ ਦੀ ਮੌਤ

ਫਾਜ਼ਿਲਕਾ-

Nature’s fury in Punjab! ਫਾਜ਼ਿਲਕਾ ਦੇ ਸਰਹੱਦੀ ਪਿੰਡ ਝੰਗੜ ਭੈਣੀ ਵਿੱਚ ਤੇਜ਼ ਹਵਾਵਾਂ, ਮੀਂਹ ਅਤੇ ਭਿਆਨਕ ਤੂਫ਼ਾਨ ਨੇ ਇੱਕ ਗ਼ਰੀਬ ਪਰਿਵਾਰ ‘ਤੇ ਅਜਿਹਾ ਕਹਿਰ ਢਾਹਿਆ, ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੀਂਹ ਅਤੇ ਤੇਜ਼ ਹਵਾਵਾਂ ਦੇ ਚੱਲਦਿਆਂ ਘਰ ਦਾ ਇੱਕ ਸੀਮਿੰਟ ਦਾ ਬਣਿਆ ਰਸੋਈ ਸ਼ੈੱਡ ਉੱਡ ਕੇ ਇੱਕ 18 ਸਾਲਾ ਲੜਕੀ ‘ਤੇ ਜਾ ਡਿੱਗਿਆ।

ਇਸ ਹਾਦਸੇ ਵਿੱਚ ਲੜਕੀ ਦੀ ਗਰਦਨ ‘ਤੇ ਗੰਭੀਰ ਸੱਟਾਂ ਲੱਗੀਆਂ। ਜ਼ਖਮੀ ਹਾਲਤ ਵਿੱਚ ਉਸ ਨੂੰ ਤੁਰੰਤ ਫਾਜ਼ਿਲਕਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਪਿੰਡ ਦੇ ਨਿਵਾਸੀ ਹਰਦੀਪ ਸਿੰਘ ਨੇ ਘਟਨਾ ਬਾਰੇ ਵਿਸਥਾਰ ਵਿੱਚ ਦੱਸਦਿਆਂ ਭਰੇ ਮਨ ਨਾਲ ਕਿਹਾ ਕਿ ਮ੍ਰਿਤਕ ਲੜਕੀ ਦੀ ਪਛਾਣ 18 ਸਾਲਾ ਸੁਨੀਤਾ ਰਾਣੀ ਪੁੱਤਰੀ ਸਵ. ਮੰਗਾ ਸਿੰਘ ਵਜੋਂ ਹੋਈ ਹੈ। ਸੁਨੀਤਾ ਆਪਣੇ ਘਰ ਵਿੱਚ ਇੱਕ ਸ਼ੈੱਡ ਹੇਠਾਂ ਖੜ੍ਹੀ ਸੀ, ਜਦੋਂ ਅਚਾਨਕ ਤੇਜ਼ ਤੂਫ਼ਾਨ ਕਾਰਨ ਰਸੋਈ ਦਾ ਸ਼ੈੱਡ ਉੱਡ ਕੇ ਉਸ ਦੇ ਉੱਪਰ ਆ ਡਿੱਗਿਆ।

ਇਹ ਪਰਿਵਾਰ ਪਹਿਲਾਂ ਹੀ ਬਹੁਤ ਵੱਡੇ ਦੁੱਖਾਂ ਵਿੱਚੋਂ ਲੰਘ ਰਿਹਾ ਸੀ। ਲੜਕੀ ਦੇ ਪਿਤਾ ਮੰਗਾ ਸਿੰਘ ਦਾ ਅਜੇ ਦੋ ਮਹੀਨੇ ਪਹਿਲਾਂ ਹੀ ਦੇਹਾਂਤ ਹੋਇਆ ਸੀ, ਜਦਕਿ ਉਸ ਦੇ ਦਾਦਾ ਜੀ ਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ। ਪਿਛਲੇ ਮਹਿਜ਼ 6 ਮਹੀਨਿਆਂ ਦੇ ਅੰਦਰ ਪਰਿਵਾਰ ਵਿੱਚ ਇਹ ਤੀਜੀ ਮੌਤ ਹੈ, ਜਿਸ ਕਾਰਨ ਪਿੱਛੇ ਰਹਿ ਗਏ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿੱਚ ਹਨ।

ਪਿੰਡ ਵਾਸੀਆਂ ਅਨੁਸਾਰ ਪਿਛਲੇ ਸਾਲ ਆਏ ਹੜ੍ਹਾਂ ਅਤੇ ਭਾਰੀ ਬਾਰਿਸ਼ ਕਾਰਨ ਇਸ ਪਰਿਵਾਰ ਦੇ ਘਰ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਘਰ ਦੀਆਂ ਕੰਧਾਂ ਵਿੱਚ ਵੱਡੀਆਂ ਤਰੇੜਾਂ ਆ ਚੁੱਕੀਆਂ ਸਨ, ਜਿਸ ਕਾਰਨ ਰਸੋਈ ਦਾ ਸ਼ੈੱਡ ਪਹਿਲਾਂ ਹੀ ਕਮਜ਼ੋਰ ਹੋ ਚੁੱਕਾ ਸੀ ਅਤੇ ਉਹ ਤੇਜ਼ ਹਵਾਵਾਂ ਦੇ ਬੁੱਲ੍ਹੇ ਨੂੰ ਸਹਿਣ ਨਹੀਂ ਕਰ ਸਕਿਆ।

ਪੀੜਤ ਪਰਿਵਾਰ ਦੀ ਵਿੱਤੀ ਸਥਿਤੀ ਬੇਹੱਦ ਕਮਜ਼ੋਰ ਹੈ ਅਤੇ ਘਰ ਕਮਾਉਣ ਵਾਲੇ ਮੁਖੀ ਦੀ ਮੌਤ ਤੋਂ ਬਾਅਦ ਹੁਣ ਜਵਾਨ ਧੀ ਦੇ ਤੁਰ ਜਾਣ ਨੇ ਪਰਿਵਾਰ ਨੂੰ ਬੇਸਹਾਰਾ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਬੇਹੱਦ ਗ਼ਰੀਬ ਅਤੇ ਪ੍ਰਭਾਵਿਤ ਪਰਿਵਾਰ ਨੂੰ ਤੁਰੰਤ ਵੱਧ ਤੋਂ ਵੱਧ ਵਿੱਤੀ ਸਹਾਇਤਾ ਅਤੇ ਹਰ ਸੰਭਵ ਸਰਕਾਰੀ ਮਦਦ ਮੁਹੱਈਆ ਕਰਵਾਈ ਜਾਵੇ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।