11 Indians convicted! ਵੱਡੀ ਖ਼ਬਰ: 11 ਭਾਰਤੀ ਦੋਸ਼ੀ ਕਰਾਰ; ਵਪਾਰਕ ਜਹਾਜ਼ ‘ਤੇ ਲੱਗਿਆ 53 ਲੱਖ ਡਾਲਰ ਦਾ ਜੁਰਮਾਨਾ
ਨਾਈਜੀਰੀਆ, 14 ਜੂਨ 2026 –
11 Indians convicted! ਨਾਈਜੀਰੀਆ ਦੀ ਇੱਕ ਅਦਾਲਤ ਨੇ ਕੋਕੀਨ ਦੀ ਤਸਕਰੀ ਦੇ ਮਾਮਲੇ ਵਿੱਚ 11 ਭਾਰਤੀ ਮਲਾਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਦੇ ਵਪਾਰਕ ਜਹਾਜ਼ ‘ਤੇ 53 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ ਹੈ। ਨੈਸ਼ਨਲ ਡਰੱਗ ਲਾਅ ਇਨਫੋਰਸਮੈਂਟ ਏਜੰਸੀ (NDLEA) ਨੇ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਇਨ੍ਹਾਂ ਮਲਾਹਾਂ ਨੂੰ ਲਗਭਗ ਛੇ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮਲਾਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਮਾਰਸ਼ਲ ਟਾਪੂਆਂ (ਮਾਰਸ਼ਲ ਆਈਲੈਂਡਜ਼) ਤੋਂ 31.5 ਕਿਲੋਗ੍ਰਾਮ ਕੋਕੀਨ ਲਿਆ ਕੇ ਲਾਗੋਸ ਦੇ ਅਪਾਪਾ ਬੰਦਰਗਾਹ ਰਾਹੀਂ ਨਾਈਜੀਰੀਆ ਵਿੱਚ ਤਸਕਰੀ ਕੀਤੀ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਦੇ ਕਪਤਾਨ ਅਤੇ ਚਾਲਕ ਦਲ (ਕਰੂ) ਦੇ 10 ਹੋਰ ਮੈਂਬਰਾਂ ਨੂੰ ਜਸਟਿਸ ਜੋਸਫ਼ ਚੁਕਵੂਜੇਕਵੂ ਅਨੇਕੇ ਨੇ ਐਨ.ਡੀ.ਐਲ.ਈ.ਏ. ਐਕਟ ਤਹਿਤ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਜਹਾਜ਼ ਨੂੰ ਨਾਈਜੀਰੀਆ ਸਰਕਾਰ ਨੂੰ 53 ਲੱਖ ਅਮਰੀਕੀ ਡਾਲਰ ਦਾ ਹਰਜਾਨਾ ਦੇਣ ਦਾ ਹੁਕਮ ਦਿੱਤਾ ਹੈ।
ਇਸ ਦੇ ਨਾਲ ਹੀ ਜਹਾਜ਼ ਦੇ ਤਿੰਨ ਮੁੱਖ ਅਧਿਕਾਰੀਆਂ ਨੂੰ ਇੱਕ-ਇੱਕ ਲੱਖ ਅਮਰੀਕੀ ਡਾਲਰ ਅਤੇ ਚਾਲਕ ਦਲ ਦੇ ਹੋਰ ਮੈਂਬਰਾਂ ਨੂੰ 50-50 ਹਜ਼ਾਰ ਅਮਰੀਕੀ ਡਾਲਰ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਹਰੇਕ ਮੁਲਜ਼ਮ ‘ਤੇ ਇੱਕ ਲੱਖ ਨਾਇਰਾ (ਨਾਈਜੀਰੀਆ ਦੀ ਕਰੰਸੀ) ਦਾ ਵਾਧੂ ਜੁਰਮਾਨਾ ਵੀ ਲਗਾਇਆ ਗਿਆ ਹੈ।
ਐਨ.ਡੀ.ਐਲ.ਈ.ਏ. ਦੇ ਚੇਅਰਮੈਨ ਬ੍ਰਿਗੇਡੀਅਰ ਜਨਰਲ ਮੁਹੰਮਦ ਬੁਬਾ ਮਾਰਵਾ (ਸੇਵਾਮੁਕਤ) ਨੇ ਕਿਹਾ ਕਿ ਇਹ ਸਜ਼ਾ ਨਸ਼ਾ ਤਸਕਰੀ ਦੇ ਨੈੱਟਵਰਕ ਲਈ ਇੱਕ “ਸਖ਼ਤ ਅਤੇ ਸਪੱਸ਼ਟ ਸੰਦੇਸ਼” ਹੈ ਕਿ “ਨਾਈਜੀਰੀਆ ਹੁਣ ਕੋਕੀਨ ਜਾਂ ਕਿਸੇ ਹੋਰ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਦੀ ਤਸਕਰੀ ਲਈ ਸੁਰੱਖਿਅਤ ਲਾਂਘਾ (ਗਲਿਆਰਾ) ਨਹੀਂ ਰਿਹਾ।”



