BREKAING- ਲੰਡਨ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ
ਫਿਰੋਜ਼ਪੁਰ, 9 ਜੁਲਾਈ 2026- ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ਾਂ ਵਿੱਚ ਹੋ ਰਹੀਆਂ ਅਚਨਚੇਤ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਬੇਹੱਦ ਦੁਖਦਾਈ ਮਾਮਲਾ ਫਿਰੋਜ਼ਪੁਰ ਦੇ ਪਿੰਡ ਸੂਬਾ ਕਦੀਮ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਸਹਿਜੀਤ ਸਿੰਘ ਦੀ ਲੰਡਨ (ਯੂ.ਕੇ.) ਵਿੱਚ ਸ਼ੱਕੀ ਹਾਲਾਤਾਂ ਦੌਰਾਨ ਮੌਤ ਹੋ ਗਈ। ਪੁੱਤਰ ਦੀ ਬੇਵਕਤੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਿਛਲੇ 23 ਦਿਨਾਂ ਤੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਅਤੇ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਪੀੜਤ ਪਰਿਵਾਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਬੂਹੇ ਖੜਕਾ ਰਿਹਾ ਹੈ।
ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਸਹਿਜੀਤ ਸਿੰਘ ਆਪਣੇ ਸੁਫ਼ਨਿਆਂ ਨੂੰ ਉਡਾਣ ਦੇਣ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਲਈ ਜੂਨ 2021 ਵਿੱਚ ਸਟੱਡੀ ਵੀਜ਼ੇ ‘ਤੇ ਲੰਡਨ ਗਿਆ ਸੀ। ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਸ ਨੂੰ ਉੱਥੇ ਵਰਕ ਪਰਮਿਟ ਮਿਲ ਗਿਆ ਸੀ ਅਤੇ ਉਹ ਪਿਛਲੇ ਇੱਕ ਸਾਲ ਤੋਂ ਇੱਕ ਨਾਮਵਰ ਕੰਪਨੀ ਵਿੱਚ ਸੇਲਜ਼ਮੈਨ ਵਜੋਂ ਕੰਮ ਕਰ ਰਿਹਾ ਸੀ।
ਸਭ ਤੋਂ ਵੱਧ ਦੁਖਦਾਈ ਗੱਲ ਇਹ ਹੈ ਕਿ ਸਹਿਜੀਤ ਨੇ ਲੰਡਨ ਜਾਣ ਤੋਂ ਬਾਅਦ ਲਗਭਗ 5 ਸਾਲਾਂ ਦੇ ਲੰਬੇ ਸਮੇਂ ਬਾਅਦ ਇਸੇ ਮਹੀਨੇ ਆਪਣੇ ਪਿੰਡ ਵਾਪਸ ਪਰਤਣਾ ਸੀ। ਘਰ ਵਿੱਚ ਲਾਡਲੇ ਪੁੱਤਰ ਦੇ ਸਵਾਗਤ ਲਈ ਜ਼ੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਸਨ, ਪਰ ਕਿਸੇ ਨੂੰ ਕੀ ਪਤਾ ਸੀ ਕਿ ਜਿਸ ਘਰ ਵਿੱਚ ਖ਼ੁਸ਼ੀਆਂ ਦੇ ਗੀਤ ਗਾਏ ਜਾਣੇ ਸਨ, ਉੱਥੇ ਕੀਰਨੇ ਪੈਣਗੇ।
ਪਰਿਵਾਰ ਅਨੁਸਾਰ, ਮੌਤ ਤੋਂ ਮਹਿਜ਼ ਦੋ ਦਿਨ ਪਹਿਲਾਂ ਸਹਿਜੀਤ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਵੀਡੀਓ ਕਾਲ ‘ਤੇ ਲੰਬੀ ਗੱਲਬਾਤ ਕੀਤੀ ਸੀ। ਉਹ ਪੂਰੀ ਤਰ੍ਹਾਂ ਤੰਦਰੁਸਤ ਸੀ ਅਤੇ ਘਰ ਆਉਣ ਦੀ ਖ਼ੁਸ਼ੀ ਉਸ ਦੇ ਚਿਹਰੇ ‘ਤੇ ਸਾਫ਼ ਦਿਖ ਰਹੀ ਸੀ। ਪਰ ਇਸ ਤੋਂ ਬਾਅਦ ਜਦੋਂ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਫੋਨ ਇੱਕ ਬ੍ਰਿਟਿਸ਼ ਪੁਲਿਸ ਅਧਿਕਾਰੀ ਨੇ ਚੁੱਕਿਆ। ਪੁਲਿਸ ਨੇ ਦੱਸਿਆ ਕਿ ਸਹਿਜੀਤ ਇੱਕ ਪਾਰਕ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸਹਿਜੀਤ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਕੋਈ ਸਰਕਾਰੀ ਖ਼ੁਲਾਸਾ ਨਹੀਂ ਹੋ ਸਕਿਆ ਹੈ। ਲੰਡਨ ਵਿੱਚ ਕਾਗਜ਼ੀ ਕਾਰਵਾਈਆਂ ਵਿੱਚ ਹੋ ਰਹੀ ਦੇਰੀ ਕਾਰਨ ਦੇਹ ਭਾਰਤ ਲਿਆਉਣ ਵਿੱਚ ਮੁਸ਼ਕਲ ਆ ਰਹੀ ਹੈ। ਪੂਰੇ ਪਿੰਡ ਵਿੱਚ ਇਸ ਵੇਲੇ ਮਾਤਮ ਦਾ ਮਾਹੌਲ ਹੈ। ਪੀੜਤ ਪਰਿਵਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਭਾਰਤੀ ਦੂਤਾਵਾਸ (Indian Embassy) ਰਾਹੀਂ ਦਖ਼ਲ ਦੇ ਕੇ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਪੰਜਾਬ ਲਿਆਂਦੀ ਜਾਵੇ ਤਾਂ ਜੋ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਕਰ ਸਕੇ।



