ਵੱਡੀ ਖ਼ਬਰ: ਪੰਜਾਬੀ ਮੂਲ ਦੇ ਵਿਅਕਤੀ ਨੂੰ ਅਮਰੀਕਾ ਵਿੱਚ 20 ਸਾਲ ਦੀ ਕੈਦ!
ਵਾਸ਼ਿੰਗਟਨ, 10 ਜੁਲਾਈ 2026
ਨਸ਼ਾ ਤਸਕਰੀ ਦੇ ਇੱਕ ਵੱਡੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਇੱਕ ਕੈਨੇਡੀਅਨ ਨਾਗਰਿਕ ਨੂੰ ਅਮਰੀਕਾ ਦੀ ਇੱਕ ਅਦਾਲਤ ਵੱਲੋਂ 240 ਮਹੀਨੇ ਯਾਨੀ ਕਿ 20 ਸਾਲ ਦੀ ਸਖ਼ਤ ਫੈਡਰਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ‘ਤੇ ਇੱਕ ਅਪਰਾਧਿਕ ਸੰਗਠਨ ਦੀ ਅਗਵਾਈ ਕਰਨ ਅਤੇ ਅਮਰੀਕਾ ਤੋਂ ਕੈਨੇਡਾ ਵਿੱਚ ਕਰੋੜਾਂ ਡਾਲਰਾਂ ਦੀਆਂ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਦੇ ਗੰਭੀਰ ਦੋਸ਼ ਸਨ।
ਸੰਯੁਕਤ ਰਾਜ ਅਟਾਰਨੀ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਬਰੈਂਪਟਨ, ਓਨਟਾਰੀਓ (ਕੈਨੇਡਾ) ਦਾ ਰਹਿਣ ਵਾਲਾ 63 ਸਾਲਾ ਗੁਰਅੰਮ੍ਰਿਤ ਸਿੱਧੂ ਇਸ ਅਪਰਾਧਿਕ ਜਾਲ ਦਾ ਮੁੱਖ ਸਰਗਨਾ ਸੀ। ਯੂਨਾਈਟਿਡ ਸਟੇਟਸ ਡਿਸਟ੍ਰਿਕਟ ਜੱਜ ਜੌਨ ਏ. ਕ੍ਰੋਨਸਟੈਡ ਨੇ ਸਿੱਧੂ ਨੂੰ ਇਹ ਸਜ਼ਾ ਸੁਣਾਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਿੱਧੂ ਨੇ ਸਿਰਫ਼ ਇੱਕ ਮਹੀਨੇ ਦੇ ਥੋੜ੍ਹੇ ਜਿਹੇ ਸਮੇਂ ਦੌਰਾਨ ਅਮਰੀਕਾ ਤੋਂ ਕੈਨੇਡਾ ਵਿੱਚ 17 ਮਿਲੀਅਨ ਅਮਰੀਕੀ ਡਾਲਰ ਦੀ ਕੀਮਤ ਦੀ ਸੈਂਕੜੇ ਕਿਲੋਗ੍ਰਾਮ ਮੈਥਾਮਫੇਟਾਮਾਈਨ ਅਤੇ ਕੋਕੀਨ ਦੀ ਤਸਕਰੀ ਕੀਤੀ ਸੀ।
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੇ ਪੂਰੀ ਜਾਂਚ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਗੁਰਅੰਮ੍ਰਿਤ ਸਿੱਧੂ ਅਕਤੂਬਰ 2024 ਤੋਂ ਹੀ ਫੈਡਰਲ ਹਿਰਾਸਤ ਵਿੱਚ ਹੈ। ਬੀਤੀ 26 ਮਾਰਚ ਨੂੰ ਅਦਾਲਤ ਵਿੱਚ ਸਿੱਧੂ ਨੇ ਇੱਕ ‘ਨਿਰੰਤਰ ਅਪਰਾਧਿਕ ਉੱਦਮ’ (Continuing Criminal Enterprise) ਵਿੱਚ ਸ਼ਾਮਲ ਹੋਣ ਦਾ ਆਪਣਾ ਗੁਨਾਹ ਕਬੂਲ ਕਰ ਲਿਆ ਸੀ, ਜਿਸ ਤੋਂ ਬਾਅਦ ਅੱਜ ਇਹ ਵੱਡਾ ਫੈਸਲਾ ਸੁਣਾਇਆ ਗਿਆ ਹੈ।
ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਜ਼ਾ ਨਸ਼ਾ ਤਸਕਰੀ ਦੇ ਨੈੱਟਵਰਕਾਂ ਵਿਰੁੱਧ ਅਮਰੀਕੀ ਪ੍ਰਸ਼ਾਸਨ ਦੀ ਸਖ਼ਤੀ ਨੂੰ ਦਰਸਾਉਂਦੀ ਹੈ। ਸਿੱਧੂ ਦੀ ਗ੍ਰਿਫ਼ਤਾਰੀ ਅਤੇ ਉਸ ਤੋਂ ਬਾਅਦ ਮਿਲੀ ਇਹ ਸਜ਼ਾ ਕੈਨੇਡਾ ਅਤੇ ਅਮਰੀਕਾ ਦਰਮਿਆਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਚੱਲ ਰਹੇ ਸਾਂਝੇ ਯਤਨਾਂ ਦਾ ਨਤੀਜਾ ਹੈ। ਇਸ ਕੇਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਨਸ਼ਾ ਤਸਕਰੀ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।



