ਕੀ ਬੰਦੀ ਸਿੰਘ ਲੜਨਗੇ ਵਿਧਾਨ ਸਭਾ ਚੋਣਾਂ- ਗਿਆਨੀ ਹਰਪ੍ਰੀਤ ਸਿੰਘ ਨੇ 30% ਸੀਟਾਂ ‘ਤੇ ਦਿੱਤਾ ਵੱਡਾ ਬਿਆਨ!

Top Trending News ਪੰਜਾਬ

 

ਕੀ ਬੰਦੀ ਸਿੰਘ ਲੜਨਗੇ ਵਿਧਾਨ ਸਭਾ ਚੋਣਾਂ- ਗਿਆਨੀ ਹਰਪ੍ਰੀਤ ਸਿੰਘ ਨੇ 30% ਸੀਟਾਂ ‘ਤੇ ਦਿੱਤਾ ਵੱਡਾ ਬਿਆਨ!

ਪੰਜੋਲੀ ਕਲਾਂ ਵਿਖੇ ਪੰਥਕ ਏਕਤਾ ਕਾਨਫ਼ਰੰਸ: ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਧਿਰਾਂ ਨੂੰ ਇੱਕਜੁੱਟ ਹੋਣ ਦਾ ਸੱਦਾ

ਫ਼ਤਹਿਗੜ੍ਹ ਸਾਹਿਬ, 3 ਅਗਸਤ 2026

ਪਿੰਡ ਪੰਜੋਲੀ ਕਲਾਂ ਵਿਖੇ ਆਯੋਜਿਤ ਪੰਥਕ ਏਕਤਾ ਕਾਨਫ਼ਰੰਸ ਦੌਰਾਨ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਪੰਥ ਨੂੰ ਨਿੱਜੀ ਅਤੇ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇੱਕੋ ਮੰਚ ‘ਤੇ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਸ਼ਹੀਦ ਪਰਿਵਾਰਾਂ ਅਤੇ ਬੰਦੀ ਸਿੰਘਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਕੌਮੀ ਮਸਲਿਆਂ ਦਾ ਸਾਰਥਕ ਹੱਲ ਕੱਢਿਆ ਜਾ ਸਕੇ।

ਗਿਆਨੀ ਹਰਪ੍ਰੀਤ ਸਿੰਘ ਨੇ ਸੁਝਾਅ ਦਿੱਤਾ ਕਿ ਪੰਥਕ ਸਿਆਸਤ ਵਿੱਚ ਸੀਟਾਂ ਦੀ ਵੰਡ ਸਮੇਂ 30 ਫ਼ੀਸਦੀ ਹਿੱਸਾ ਬੰਦੀ ਸਿੰਘਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਦਿੱਤਾ ਜਾਵੇ। ਇਨ੍ਹਾਂ ਪਰਿਵਾਰਾਂ ਨੂੰ ਅਣਗੌਲਿਆਂ ਕਰਨਾ ਕੌਮ ਨਾਲ ਧੋਖਾ ਹੋਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਪੰਥਕ ਏਕਤਾ ਲਈ ਹਰ ਸਮੇਂ ਤਿਆਰ ਹਨ ਅਤੇ ਜੇਕਰ ਬਾਦਲ ਪਰਿਵਾਰ ਵੀ ਇਸ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ, ਪਰ ਸ਼ਰਤ ਇਹੀ ਹੈ ਕਿ ਕੁਰਬਾਨੀਆਂ ਦੇਣ ਵਾਲੇ ਪਰਿਵਾਰਾਂ ਨੂੰ ਹੱਕ ਮਿਲਣਾ ਚਾਹੀਦਾ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ 1984 ਤੋਂ ਬਾਅਦ ਸਾਰੀ ਰਾਜਨੀਤੀ ਇੱਕ ਹੀ ਵਿਅਕਤੀ ਦੇ ਦੁਆਲੇ ਕੇਂਦਰਿਤ ਰਹੀ। ਸਮਾਨਾਂਤਰ ਲੀਡਰਸ਼ਿਪ ਨੂੰ ਖ਼ਤਮ ਕਰਨ ਕਰਕੇ ਹੀ ਪਾਰਟੀ ਦੀ ਇਹ ਦੁਰਦਸ਼ਾ ਹੋਈ ਹੈ। ਉਨ੍ਹਾਂ ਕਿਹਾ ਕਿ ਪੰਥਕ ਸਿਆਸਤ ਲਈ ਏਜੰਡੇ ਸਪਸ਼ਟ ਹੋਣੇ ਚਾਹੀਦੇ ਹਨ, ਕਿਉਂਕਿ ਮਕਸਦ ਸੱਤਾ ਪ੍ਰਾਪਤੀ ਨਹੀਂ ਸਗੋਂ ਪੰਥ ਦੀ ਸ਼ਕਤੀ ਹੈ।

ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੰਨਿਆ ਕਿ ਅਕਾਲੀ ਦਲ ਦੇ ਪਿਛਲੇ ਸ਼ਾਸਨਕਾਲ ਦੌਰਾਨ ਕਈ ਇਤਿਹਾਸਕ ਮਸਲਿਆਂ ਦੀ ਸਹੀ ਜਾਂਚ ਨਾ ਹੋਣ ਕਾਰਨ ਨੁਕਸਾਨ ਉਠਾਉਣਾ ਪਿਆ, ਜਿਸ ਲਈ ਸਹੀ ਸੇਧ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਵੀ ਸਿੱਖ ਸੰਸਥਾਵਾਂ ਦੀ ਮਾਣ-ਮਰਿਆਦਾ ਬਹਾਲ ਕਰਨ ਲਈ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ।