- ਤੇਲ ਮਿੱਲਾਂ ਦੀ ਸਥਾਪਨਾ ਲਈ ਸਬਸਿਡੀ ਲਈ ਅਰਜ਼ੀਆਂ 10 ਅਗਸਤ ਤੱਕ ਜਮਾ ਕਰਵਾਓ: ਮੁੱਖ ਖੇਤੀਬਾੜੀ ਅਫ਼ਸਰ
ਬਠਿੰਡਾ, 6 ਅਗਸਤ (ਦੇਸ਼ ਕਲਿੱਕ ਬਿਊਰੋ): ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਪ੍ਰੀਤ ਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਨੈਸ਼ਨਲ ਮਿਸ਼ਨ ਆਨ ਐਡਿਬਲ ਆਇਲਜ਼-ਆਇਲਸੀਡਸ ਤਹਿਤ ਤੇਲਬੀਜ ਫ਼ਸਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਤੇਲ ਕੱਢਣ ਵਾਲੀਆਂ ਮਿੱਲਾਂ ਦੀ ਸਥਾਪਨਾ ਲਈ 33 ਫ਼ੀਸਦੀ ਸਬਸਿਡੀ (ਵੱਧ ਤੋਂ ਵੱਧ 9.90 ਲੱਖ ਰੁਪਏ) ਪ੍ਰਦਾਨ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇੱਛੁਕ ਬਿਨੈਕਾਰ ਆਪਣੀਆਂ ਅਰਜ਼ੀਆਂ 10 ਅਗਸਤ, 2026 ਤੱਕ ਜਮ੍ਹਾਂ ਕਰਵਾ ਸਕਦੇ ਹਨ। ਇਸ ਸਕੀਮ ਤਹਿਤ ਕਿਸਾਨ ਉਤਪਾਦਕ ਸੰਸਥਾਵਾਂ, ਸਹਿਕਾਰੀ ਸਭਾਵਾਂ, ਸਰਕਾਰੀ/ਗੈਰ ਸਰਕਾਰੀ ਇੰਡਸਟਰੀ/ ਕਾਰਪੋਰੇਸ਼ਨ ਅਤੇ ਹੋਰ ਯੋਗ ਬਿਨੈਕਾਰਾਂ ਨੂੰ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ। ਇਸ ਸਕੀਮ ਦਾ ਉਦੇਸ਼ ਤੇਲ ਬੀਜਾਂ ਦੀ ਪ੍ਰੋਸੈਸਿੰਗ ਕਰਕੇ ਤੇਲ ਉਤਪਾਦਾਂ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ। ਯੋਗਤਾ, ਸਬਸਿਡੀ ਦੀ ਦਰ, ਲੋੜੀਂਦੇ ਦਸਤਾਵੇਜ਼ ਅਤੇ ਹੋਰ ਵਿਸਥਾਰਿਤ ਜਾਣਕਾਰੀ ਲਈ ਬਿਨੈਕਾਰ ਆਪਣੇ ਬਲਾਕ ਖੇਤੀਬਾੜੀ ਦਫ਼ਤਰ ਜਾਂ ਮੁੱਖ ਖੇਤੀਬਾੜੀ ਅਫ਼ਸਰ, ਬਠਿੰਡਾ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਸਮੂਹ ਯੋਗ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਇਸ ਲੋਕ-ਭਲਾਈ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹੋਏ ਆਪਣੀਆਂ ਅਰਜ਼ੀਆਂ ਨਿਰਧਾਰਿਤ ਸਮੇਂ ਅੰਦਰ ਜ਼ਰੂਰ ਜਮ੍ਹਾਂ ਕਰਵਾਉਣ। ਉਹਨਾਂ ਅੱਗੇ ਦੱਸਿਆ ਕਿ ਜੇਕਰ ਪ੍ਰਾਪਤ ਅਰਜ਼ੀਆਂ ਦੀ ਗਿਣਤੀ ਨਿਰਧਾਰਿਤ ਸੀਮਾ ਤੋਂ ਵੱਧ ਹੁੰਦੀ ਹੈ ਤਾਂ ਲਾਭਪਾਤਰੀਆਂ ਦੀ ਚੋਣ ਆਇਲਸੀਡਸ ਮਿਸ਼ਨ ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਵਲੋਂ ਕੀਤੀ ਜਾਵੇਗੀ ਅਤੇ ਕਮੇਟੀ ਦਾ ਫੈਸਲਾ ਅੰਤਿਮ ਹੋਵੇਗਾ।



