ਪੰਜਾਬ ‘ਚ ਵਾਪਰਿਆ ਭਿਆਨਕ ਸੜਕ ਹਾਦਸਾ: 2 ਨੌਜਵਾਨਾਂ ਦੀ ਮੌਤ
ਸੁਲਤਾਨਪੁਰ ਲੋਧੀ, 7 ਅਗਸਤ 2026
ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਮਾਰਗ ‘ਤੇ ਪਿੰਡ ਸਵਾਲ ਨੇੜੇ ਬੀਤੀ ਰਾਤ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਰਾਤ ਕਰੀਬ 11:45 ਵਜੇ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਮਹਿੰਦਰਾ ਐਕਸਯੂਵੀ-500 ਕਾਰ ਅਚਾਨਕ ਬੇਕਾਬੂ ਹੋ ਗਈ। ਕਾਰ ਪਹਿਲਾਂ ਸੜਕ ਕਿਨਾਰੇ ਲੱਗੇ ਵੱਡੇ ਰੁੱਖ ਨਾਲ ਟਕਰਾਈ ਅਤੇ ਫਿਰ ਨਾਲ ਹੀ ਇੱਕ ਨਿੱਜੀ ਸਕੂਲ ਦੀ ਲੋਹੇ ਦੀ ਗਰਿੱਲ ਤੋੜਦੀ ਹੋਈ ਦੂਜੇ ਰੁੱਖ ਨਾਲ ਜਾ ਜਾ ਫਸੀ। ਧਮਾਕੇਦਾਰ ਟੱਕਰ ਨਾਲ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਇਸ ਦੇ ਹਿੱਸੇ ਸੜਕ ‘ਤੇ ਦੂਰ-ਦੂਰ ਤੱਕ ਖਿਲਰ ਗਏ।
ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਕਾਰ ਸਵਾਰਾਂ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ ਗਿਆ। ਡਾਕਟਰਾਂ ਮੁਤਾਬਕ ਰਾਹੁਲ ਗਿੱਲ (ਵਾਸੀ ਬਿਧੀਪੁਰ, ਸੁਲਤਾਨਪੁਰ ਲੋਧੀ) ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਦਕਿ ਲੱਭੀ (17, ਵਾਸੀ ਤਲਵੰਡੀ ਬੂਟਿਆਂ, ਜਲੰਧਰ) ਨੇ ਇਲਾਜ ਦੌਰਾਨ ਰਾਤ 12 ਵਜੇ ਦੇ ਕਰੀਬ ਦਮ ਤੋੜ ਦਿੱਤਾ। ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਅੰਜਨਾ ਰਾਣੀ (23, ਪਤਨੀ ਰਾਹੁਲ ਗਿੱਲ, ਵਾਸੀ ਸ਼ੰਕਰ, ਜਲੰਧਰ) ਨੂੰ ਨਾਜ਼ੁਕ ਹਾਲਤ ਦੇਖਦਿਆਂ ਮੁੱਢਲੀ ਸਹਾਇਤਾ ਤੋਂ ਬਾਅਦ ਜਲੰਧਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।



