ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ; ਘਰਾਂ ਦੀਆਂ ਦੀਵਾਰਾਂ ’ਚ ਪਈਆਂ ਤਰੇੜਾਂ
ਮਹਾਰਾਸ਼ਟਰ, 9 ਅਗਸਤ 2026- ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ ਅਤੇ ਐਤਵਾਰ ਤੜਕੇ ਆਏ ਭੂਚਾਲ ਦੇ ਦੋ ਝਟਕਿਆਂ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਭੂਚਾਲ ਕਾਰਨ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਘਰਾਂ ਦੀਆਂ ਦੀਵਾਰਾਂ ਵਿੱਚ ਤਰੇੜਾਂ ਆਉਣ ਦੀ ਵੀ ਸੂਚਨਾ ਹੈ। ਹਾਲਾਂਕਿ, ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਇਸ ਕੁਦਰਤੀ ਆਫ਼ਤ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਨੈਸ਼ਨਲ ਸੈਂਟਰ ਫ਼ਾਰ ਸੀਸਮੋਲੋਜੀ (NCS) ਅਨੁਸਾਰ ਪਹਿਲਾ ਭੂਚਾਲ ਸ਼ਨੀਵਾਰ ਰਾਤ ਕਰੀਬ 10 ਵਜੇ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 4.3 ਮਾਪੀ ਗਈ। ਇਸ ਤੋਂ ਬਾਅਦ ਐਤਵਾਰ ਤੜਕੇ 5:33 ਵਜੇ 3.3 ਤੀਬਰਤਾ ਦਾ ਦੂਜਾ ਝਟਕਾ ਮਹਿਸੂਸ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਭੂਚਾਲ ਦਾ ਕੇਂਦਰ ਮਹਾਰਾਸ਼ਟਰ-ਗੁਜਰਾਤ ਸਰਹੱਦ ਨੇੜੇ ਹਾਟਗੜ੍ਹ ਪਹਾੜੀ ਸ਼੍ਰੇਣੀ ਦੇ ਭਾਨਵੜ ਇਲਾਕੇ ਵਿੱਚ ਸੀ। ਇਹ ਭੂਚਾਲ ਧਰਤੀ ਦੀ ਸਤ੍ਹਾ ਤੋਂ ਲਗਭਗ 5 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ।
ਭੂਚਾਲ ਦੇ ਝਟਕੇ ਨਾਸਿਕ ਸ਼ਹਿਰ ਤੋਂ ਇਲਾਵਾ ਸੁਰਗਾਨਾ, ਕਲਵਾਨ, ਦੇਵਲਾ, ਚਾਂਦਵੜ, ਪੇਠ, ਦਿਨਦੋਰੀ ਅਤੇ ਨਿਫਾੜ ਤਾਲੁਕਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਅਚਾਨਕ ਧਰਤੀ ਹਿੱਲਣ ਕਾਰਨ ਲੋਕ ਘਬਰਾ ਗਏ ਅਤੇ ਕਈ ਥਾਵਾਂ ’ਤੇ ਲੋਕ ਰਾਤ ਨੂੰ ਹੀ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।



