ਅੰਮ੍ਰਿਤਸਰ ਸਰਹੱਦ ’ਤੇ BSF ਦੀ ਵੱਡੀ ਕਾਰਵਾਈ, ਘੁਸਪੈਠ ਦੀ ਕੋਸ਼ਿਸ਼ ਕਰਦਾ ਸ਼ੱਕੀ ਢੇਰ

Top Trending News ਪੰਜਾਬ

 

ਅੰਮ੍ਰਿਤਸਰ ਸਰਹੱਦ ’ਤੇ BSF ਦੀ ਵੱਡੀ ਕਾਰਵਾਈ, ਘੁਸਪੈਠ ਦੀ ਕੋਸ਼ਿਸ਼ ਕਰਦਾ ਸ਼ੱਕੀ ਢੇਰ

ਦਾਉਕੇ ਨੇੜੇ ਭਾਰਤੀ ਖੇਤਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼; ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ, ਸਰਹੱਦੀ ਇਲਾਕੇ ’ਚ ਸਰਚ ਆਪ੍ਰੇਸ਼ਨ ਜਾਰੀ

ਅੰਮ੍ਰਿਤਸਰ, 9 ਅਗਸਤ 2026: ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਸੀਮਾ ਸੁਰੱਖਿਆ ਬਲ (BSF) ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇੱਕ ਸ਼ੱਕੀ ਵਿਅਕਤੀ ਨੂੰ ਗੋਲੀਬਾਰੀ ਦੌਰਾਨ ਮਾਰ ਦਿੱਤਾ। ਇਹ ਕਾਰਵਾਈ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਦਾਉਕੇ ਨੇੜੇ, ਥਾਣਾ ਘਰਿੰਡਾ ਦੇ ਅਧਿਕਾਰ ਖੇਤਰ ਵਿੱਚ ਕੀਤੀ ਗਈ।

ਜਾਣਕਾਰੀ ਮੁਤਾਬਕ BSF ਜਵਾਨ ਸਰਹੱਦ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਜ਼ੀਰੋ ਲਾਈਨ ਅਤੇ ਸਰਹੱਦੀ ਵਾੜ ਨੇੜੇ ਝਾੜੀਆਂ ਵਿੱਚ ਸ਼ੱਕੀ ਹਲਚਲ ਨਜ਼ਰ ਆਈ। ਜਵਾਨਾਂ ਨੇ ਸ਼ੱਕੀ ਵਿਅਕਤੀ ਨੂੰ ਬਾਹਰ ਆਉਣ ਅਤੇ ਰੁਕਣ ਲਈ ਕਿਹਾ। ਦੱਸਿਆ ਜਾ ਰਿਹਾ ਹੈ ਕਿ ਚੇਤਾਵਨੀਆਂ ਦੇ ਬਾਵਜੂਦ ਉਸ ਨੇ ਭਾਰਤੀ ਖੇਤਰ ਵੱਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ BSF ਜਵਾਨਾਂ ਨੇ ਗੋਲੀਬਾਰੀ ਕੀਤੀ। ਗੋਲੀ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਣ ’ਤੇ ਘਰਿੰਡਾ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਮੁੱਢਲੀ ਤਲਾਸ਼ੀ ਦੌਰਾਨ ਮ੍ਰਿਤਕ ਕੋਲੋਂ ਤੰਬਾਕੂ ਦਾ ਇੱਕ ਪੈਕੇਟ ਮਿਲਿਆ, ਪਰ ਉਸ ਦੀ ਪਛਾਣ ਨਾਲ ਸਬੰਧਤ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋਇਆ।

ਪੁਲਿਸ ਨੇ BSF ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ BSF ਅਤੇ ਪੁਲਿਸ ਵੱਲੋਂ ਆਸ-ਪਾਸ ਦੇ ਖੇਤਾਂ, ਝਾੜੀਆਂ ਅਤੇ ਸਰਹੱਦੀ ਇਲਾਕੇ ਵਿੱਚ ਵਿਸ਼ੇਸ਼ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਅਧਿਕਾਰੀ ਘਟਨਾ ਦੇ ਪਿੱਛੇ ਮਕਸਦ ਅਤੇ ਮ੍ਰਿਤਕ ਦੀ ਪਛਾਣ ਸਬੰਧੀ ਹੋਰ ਜਾਣਕਾਰੀ ਇਕੱਠੀ ਕਰਨ ਵਿੱਚ ਜੁਟੇ ਹੋਏ ਹਨ।