Punjab News: ਪੀਐੱਨਜੀ ਪ੍ਰੋਜੈਕਟ ਨੂੰ ਲੈ ਕੇ ਕੇਂਦਰ ’ਤੇ ਵਰ੍ਹੀ ਕਾਂਗਰਸ, ਕਿਹਾ- ਤਾਨਾਸ਼ਾਹ ਨੇ ਤਾਂ ਆਜ਼ਾਦੀ ਖ਼ਤਮ ਕਰ ਦਿੱਤੀ
ਜਲੰਧਰ, 11 ਅਗਸਤ 2026
ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਡਾ. ਜਸਲੀਨ ਸੇਠੀ ਨੇ ਪ੍ਰੈੱਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਵੱਲੋਂ ਪਾਈਪਡ ਨੈਚੁਰਲ ਗੈਸ (ਪੀਐੱਨਜੀ) ਪ੍ਰੋਜੈਕਟ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਪੀਐੱਨਜੀ ਪ੍ਰੋਜੈਕਟ ਨੂੰ ਖਪਤਕਾਰਾਂ ’ਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਲੋਕਾਂ ਨੂੰ ਆਪਣੀ ਲੋੜ ਅਤੇ ਸਹੂਲਤ ਮੁਤਾਬਕ ਖਾਣਾ ਪਕਾਉਣ ਲਈ ਈਂਧਨ ਚੁਣਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ।
ਡਾ. ਸੇਠੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਭਵਿੱਖ ਵਿੱਚ ਪੀਐੱਨਜੀ ਨੂੰ ਹੀ ਪ੍ਰਮੁੱਖ ਈਂਧਨ ਬਣਾਉਣਾ ਸੀ ਤਾਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਐੱਲਪੀਜੀ ਕਨੈਕਸ਼ਨ ਮੁਹੱਈਆ ਕਰਵਾਉਣ ਅਤੇ ਲੋਕਾਂ ਨੂੰ ਇਸ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਵਾਸਤੇ 45 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਕਿਉਂ ਖਰਚ ਕੀਤੀ ਗਈ।
ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਪੀਐੱਨਜੀ ਲਾਗੂ ਹੋਣ ਤੋਂ ਬਾਅਦ ਐੱਲਪੀਜੀ ’ਤੇ ਮਿਲ ਰਹੀ ਸਰਕਾਰੀ ਸਬਸਿਡੀ ਬੰਦ ਹੋ ਸਕਦੀ ਹੈ। ਇਸ ਸਥਿਤੀ ਵਿੱਚ ਖਪਤਕਾਰਾਂ ਨੂੰ ਕਥਿਤ ਤੌਰ ’ਤੇ ਕਰੀਬ 500 ਰੁਪਏ ਤੱਕ ਮਹਿੰਗੀ ਪੀਐੱਨਜੀ ਖਰੀਦਣੀ ਪੈ ਸਕਦੀ ਹੈ, ਜਿਸ ਨਾਲ ਆਮ ਪਰਿਵਾਰਾਂ ’ਤੇ ਵਾਧੂ ਆਰਥਿਕ ਬੋਝ ਪਵੇਗਾ।
ਡਾ. ਸੇਠੀ ਨੇ ਮੰਗ ਕੀਤੀ ਕਿ ਪੀਐੱਨਜੀ ਕਨੈਕਸ਼ਨ ਲੈਣ ਲਈ ਐੱਲਪੀਜੀ ਕਨੈਕਸ਼ਨ ਸਰੈਂਡਰ ਕਰਨ ਦੀ ਸ਼ਰਤ ਹਟਾਈ ਜਾਵੇ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਆਪਣੀ ਪਸੰਦ ਦਾ ਈਂਧਨ ਚੁਣਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਇਸ ਮਾਮਲੇ ਵਿੱਚ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ।



