ਸਾਬਕਾ ਕਬੱਡੀ ਜਾਫੀ ਗੋਰਾ ਸਮਾਲਸਰ ਦਾ ਦੇਹਾਂਤ

Top Trending News ਖੇਡਾਂ ਪੰਜਾਬ

  • ਸਾਬਕਾ ਕਬੱਡੀ ਜਾਫੀ ਗੋਰਾ ਸਮਾਲਸਰ ਦਾ ਦੇਹਾਂਤ

ਮੋਗਾ, 17 ਅਗਸਤ (ਦੇਸ਼ ਕਲਿੱਕ ਬਿਊਰੋ): ਕਬੱਡੀ ਜਗਤ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮੋਗਾ ਦੇ ਰਹਿਣ ਵਾਲੇ ਸਾਬਕਾ ਮਸ਼ਹੂਰ ਕਬੱਡੀ ਜਾਫੀ (ਡਿਫੈਂਡਰ) ਗੋਰਾ ਸਮਾਲਸਰ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ 11 ਦਿਨਾਂ ਤੋਂ ਲੁਧਿਆਣਾ ਦੇ DMC ਹਸਪਤਾਲ ਵਿੱਚ ਜ਼ੇਰੇ ਇਲਾਜ ਸਨ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਗੋਰਾ ਸਮਾਲਸਰ ਸਥਾਨਕ ਆਗੂ ਨੀਤੂ ਸਰਪੰਚ ਦੇ ਭਰਾ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਕਬੱਡੀ ਜਗਤ, ਉਨ੍ਹਾਂ ਦੇ ਜੱਦੀ ਪਿੰਡ ਸਮਾਲਸਰ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਪਰਿਵਾਰਕ ਸੂਤਰਾਂ ਅਨੁਸਾਰ, ਗੋਰਾ ਸਮਾਲਸਰ ਦਾ ਅੰਤਿਮ ਸਸਕਾਰ ਅੱਜ ਸ਼ਾਮ 4:30 ਵਜੇ ਉਨ੍ਹਾਂ ਦੇ ਜੱਦੀ ਪਿੰਡ ਸਮਾਲਸਰ ਵਿਖੇ ਕੀਤਾ ਗਿਆ। ਇਸ ਮੌਕੇ ਖੇਡ ਜਗਤ, ਰਾਜਨੀਤੀ ਅਤੇ ਇਲਾਕੇ ਨਾਲ ਜੁੜੀਆਂ ਕਈ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਗੋਰਾ ਸਮਾਲਸਰ ਨੇ ਆਪਣੇ ਕਬੱਡੀ ਕਰੀਅਰ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਨੇ ਪੰਜਾਬ ਦੇ ਕਈ ਨਾਮਵਰ ਕਬੱਡੀ ਕਲੱਬਾਂ ਵੱਲੋਂ ਖੇਡਿਆ। ਮਜ਼ਬੂਤ ਡਿਫੈਂਸ, ਫੁਰਤੀ ਅਤੇ ਦਮਦਾਰ ਖੇਡ ਕਾਰਨ ਉਹ ਵਿਰੋਧੀ ਰੇਡਰਾਂ ਲਈ ਵੱਡੀ ਚੁਣੌਤੀ ਮੰਨੇ ਜਾਂਦੇ ਸਨ। ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਉਨ੍ਹਾਂ ਨੇ ਕਈ ਵੱਡੇ ਖੇਡ ਮੇਲਿਆਂ ਵਿੱਚ ‘ਬੈਸਟ ਜਾਫੀ’ ਦੇ ਖ਼ਿਤਾਬ ਵੀ ਜਿੱਤੇ।

ਸਾਲ 2015 ਵਿੱਚ ਕੁਝ ਪਰਿਵਾਰਕ ਕਾਰਨਾਂ ਅਤੇ ਮਜਬੂਰੀਆਂ ਕਾਰਨ ਗੋਰਾ ਸਮਾਲਸਰ ਨੇ ਕੁਝ ਸਮੇਂ ਲਈ ਕਬੱਡੀ ਦੇ ਮੈਦਾਨ ਤੋਂ ਦੂਰੀ ਬਣਾ ਲਈ ਸੀ। ਹਾਲਾਂਕਿ ਖੇਡ ਪ੍ਰਤੀ ਉਨ੍ਹਾਂ ਦਾ ਜਨੂੰਨ ਕਾਇਮ ਰਿਹਾ। ਸਖ਼ਤ ਮਿਹਨਤ ਅਤੇ ਅਭਿਆਸ ਤੋਂ ਬਾਅਦ ਉਨ੍ਹਾਂ ਨੇ 2018 ਵਿੱਚ ਕਬੱਡੀ ਦੇ ਮੈਦਾਨ ਵਿੱਚ ਮੁੜ ਜ਼ਬਰਦਸਤ ਵਾਪਸੀ ਕੀਤੀ। ਇਸ ਤੋਂ ਬਾਅਦ ਉਹ ਆਪਣੇ ਜੱਦੀ ਪਿੰਡ ਸਮਾਲਸਰ ਤੋਂ ਇਲਾਵਾ ਲੰਡੇ ਅਤੇ ਰੋਡੇ ਪਿੰਡਾਂ ਦੀਆਂ ਟੀਮਾਂ ਲਈ ਵੀ ਅਹਿਮ ਖਿਡਾਰੀ ਵਜੋਂ ਖੇਡਦੇ ਰਹੇ।

ਗੋਰਾ ਸਮਾਲਸਰ ਦੇ ਦੇਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ। ਪੰਜਾਬ ਦੀ ਰਵਾਇਤੀ ਖੇਡ ਕਬੱਡੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਖੇਡ ਪ੍ਰੇਮੀ ਅਤੇ ਕਬੱਡੀ ਜਗਤ ਹਮੇਸ਼ਾ ਯਾਦ ਰੱਖੇਗਾ।