- ਥਰਮਲ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਚੌਬੀਵੇਂ ਦਿਨ ਵੀ ਜਾਰੀ
- ਪੰਜਾਬ ਸਰਕਾਰ ਵੱਲੋਂ ਲਿਆਂਦਾ ਨਵਾਂ ਕਾਨੂੰਨ ਠੇਕਾ ਮੁਲਾਜ਼ਮ ਵਿਰੋਧੀ :-ਕਮੇਟੀ ਆਗੂ
ਲਹਿਰਾ ਮੁਹੱਬਤ, 17 ਅਗਸਤ 2026 (ਦੇਸ਼ ਕਲਿੱਕ ਬਿਊਰੋ): ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਸੱਦੇ ਤੇ ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈਕੇ 25 ਜੁਲਾਈ ਤੋਂ ਸ਼ੁਰੂ ਕੀਤੀ ਹੜਤਾਲ ਅੱਜ ਚੌਬੀਵੇਂ ਦਿਨ ਵੀ ਜਾਰੀ ਹੈ।
ਇਸ ਸਮੇਂ ਹਾਜ਼ਿਰ ਆਗੂਆਂ ਜਗਰੂਪ ਸਿੰਘ,ਜਗਸੀਰ ਭੰਗੂ,ਲਛਮਣ ਰਾਮਪੁਰਾ,ਨਾਇਬ ਸਿੰਘ,ਬਲਜਿੰਦਰ ਮਾਨ ਨੇ ਕਿਹਾ ਕਿ ਪਾਵਰ ਕਾਰਪੋਰੇਸ਼ਨ ਵਿੱਚ ਪਿਛਲੇ ਦੋ-ਢਾਈ ਦਹਾਕਿਆਂ ਦੇ ਲੰਬੇ ਅਰਸੇ ਤੋਂ ਲਗਾਤਾਰ ਨਿਗੂਣੀਆਂ ਤਨਖਾਹਾਂ ਤੇ ਸੇਵਾਵਾਂ ਦੇ ਰਹੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋਂ ਵਿਭਾਗ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਲਗਾਤਾਰ ਸਿਰੜੀ ਸੰਘਰਸ਼ਾਂ ਦੀ ਬਦੌਲਤ ਪੰਜਾਬ ਸਰਕਾਰ ਵੱਲੋਂ ਮੌਨਸੂਨ ਸੈਸ਼ਨ ਦੌਰਾਨ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਠੇਕੇ ਤੇ ਭਰਤੀ ਕਰਨ ਲਈ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕੀਤਾ ਗਿਆ ਹੈ ਆਗੂਆਂ ਨੇ ਕਿਹਾ ਕਿ ਇਹ ਕਾਨੂੰਨ ਵੀ ਕੋਈ ਬਹੁਤਾ ਠੇਕਾ ਮੁਲਾਜ਼ਮ ਪੱਖੀ ਨਹੀਂ ਹੈ। ਕਿਓਂਕਿ ਇਸ ਕਾਨੂੰਨ ਵਿੱਚ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਸਿੱਧਾ ਠੇਕੇ ਤੇ ਭਰਤੀ ਕਰਨ ਦੀ ਵਕਾਲਤ ਕਰਦਾ ਹੈ ਅਤੇ ਇਸ ਕਾਨੂੰਨ ਦੀ ਇੱਕ ਕਲਾਜ ਵਿੱਚ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਠੇਕੇ ਤੇ ਭਰਤੀ ਕਰਨ ਉਪਰੰਤ ਵਿਭਾਗ ਵਿੱਚ ਦਸ ਸਾਲ ਸੇਵਾਵਾਂ ਦੇਣ ਤੋਂ ਬਾਅਦ ਵਿਭਾਗ ਵਿੱਚ ਪੱਕਾ ਕਰਨ ਬਾਰੇ ਵਿਚਾਰਿਆ ਜਾਵੇਗਾ।
ਪੰਜਾਬ ਸਰਕਾਰ ਦੇ ਇਸ ਧੋਖੇ ਦੇ ਵਿਰੋਧ ਵਜੋਂ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਲਗਾਤਾਰ ਜਾਰੀ ਹੈ। ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਤੋਂ ਮੰਗ ਕੀਤੀ ਕਿ ਵਿਭਾਗ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਵਿਭਾਗ ਵਿੱਚ ਪੱਕਾ ਕੀਤਾ ਜਾਵੇ। ਅੱਜ ਦੇ ਧਰਨੇ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਭਗਤ ਸਿੰਘ ਭੱਟੀ ਨੇ ਨਿਭਾਈ,ਅੱਜ ਦੀ ਇਕੱਤਰਤਾ ਨੂੰ ਕਿਸਾਨ ਆਗੂ ਮੋਠੂ ਸਿੰਘ ਕੋਟੜਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਤੋਂ ਆਗੂ ਬਿੱਕਰਜੀਤ ਸਿੰਘ ਪੂਹਲਾ ਨੇ ਵੀ ਸੰਬੋਧਨ ਕੀਤਾ।





