ਟਵਿਸ਼ਾ ਸ਼ਰਮਾ ਮਾਮਲੇ ‘ਚ CBI ਦੀ ਚਾਰਜਸ਼ੀਟ ‘ਚ ਵੱਡਾ ਖੁਲਾਸਾ! ਕਤਲ ਨਹੀਂ, ਟਵਿਸ਼ਾ ਨੇ ਖ਼ੁਦਕੁਸ਼ੀ ਕੀਤੀ
ਨਵੀਂ ਦਿੱਲੀ, 18 ਅਗਸਤ 2026
ਭੋਪਾਲ ਦੇ ਬਹੁਚਰਚਿਤ ਮਾਡਲ ਟਵਿਸ਼ਾ ਸ਼ਰਮਾ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮਾਮਲੇ ਸਬੰਧੀ ਵੱਡਾ ਖੁਲਾਸਾ ਕੀਤਾ ਹੈ। ਸੀਬੀਆਈ ਵੱਲੋਂ ਅਦਾਲਤ ਵਿੱਚ ਦਾਖ਼ਲ ਕੀਤੀ ਗਈ 30 ਸਫ਼ਿਆਂ ਦੀ ਮੁੱਢਲੀ Chargesheet ਵਿੱਚ ਟਵਿਸ਼ਾ ਦੀ ਮੌਤ ਨੂੰ ਕਤਲ ਦੀ ਬਜਾਏ ਮਾਨਸਿਕ ਤਸ਼ੱਦਦ ਤੋਂ ਪਰੇਸ਼ਾਨ ਹੋ ਕੇ ਕੀਤੀ ਖ਼ੁਦਕੁਸ਼ੀ ਦੱਸਿਆ ਗਿਆ ਹੈ।
34 ਸਾਲਾ ਟਵਿਸ਼ਾ ਸ਼ਰਮਾ ਸਾਬਕਾ ‘ਮਿਸ ਪੁਣੇ’ ਰਹਿ ਚੁੱਕੀ ਸੀ ਅਤੇ ਇੱਕ ਬਹੁਕੌਮੀ ਕੰਪਨੀ ਵਿੱਚ ਪੇਸ਼ੇਵਰ ਵਜੋਂ ਕੰਮ ਕਰਦੀ ਸੀ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਟਵਿਸ਼ਾ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਮੌਤ ਸ਼ੱਕੀ ਹਾਲਾਤ ਵਿੱਚ ਹੋਈ।
ਮਾਮਲੇ ਦੀ ਜਾਂਚ ਦੌਰਾਨ ਫੋਰੈਂਸਿਕ ਸਬੂਤਾਂ ਅਤੇ ਦਿੱਲੀ ਸਥਿਤ ਏਮਜ਼ ਦੇ ਡਾਕਟਰਾਂ ਦੀ ਰਿਪੋਰਟ ਦੇ ਆਧਾਰ ’ਤੇ ਸੀਬੀਆਈ ਇਸ ਨਤੀਜੇ ’ਤੇ ਪਹੁੰਚੀ ਕਿ ਟਵਿਸ਼ਾ ਦੀ ਮੌਤ ਫਾਹਾ ਲੈਣ ਕਾਰਨ ਦਮ ਘੁੱਟਣ ਨਾਲ ਹੋਈ। ਜਾਂਚ ਵਿੱਚ ਉਸ ਦੇ ਸਰੀਰ ’ਤੇ ਹੱਥੋਪਾਈ, ਸੰਘਰਸ਼ ਜਾਂ ਕੁੱਟਮਾਰ ਦੇ ਕੋਈ ਨਿਸ਼ਾਨ ਨਹੀਂ ਮਿਲੇ।
ਭੋਪਾਲ ਏਮਜ਼ ਵੱਲੋਂ ਕੀਤੀ ਗਈ ਮੁੱਢਲੀ ਲਾਸ਼ ਦੀ ਜਾਂਚ ’ਤੇ ਪਰਿਵਾਰ ਵੱਲੋਂ ਸਵਾਲ ਉਠਾਏ ਜਾਣ ਤੋਂ ਬਾਅਦ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ’ਤੇ 24 ਮਈ ਨੂੰ ਦਿੱਲੀ ਏਮਜ਼ ਦੇ ਡਾਕਟਰਾਂ ਦੀ ਟੀਮ ਨੇ ਮੁੜ ਲਾਸ਼ ਦੀ ਜਾਂਚ ਕੀਤੀ ਸੀ। ਇਸ ਰਿਪੋਰਟ ਨੇ ਕਤਲ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ।
ਸੀਬੀਆਈ ਨੇ ਟਵਿਸ਼ਾ ਦੇ ਪਤੀ ਸਮਰਥ ਸਿੰਘ ਅਤੇ ਸੱਸ, ਸਾਬਕਾ ਜੱਜ ਗਿਰੀਬਾਲਾ ਸਿੰਘ ਨੂੰ ਕਤਲ ਦੇ ਦੋਸ਼ ਦੀ ਬਜਾਏ ਭਾਰਤੀ ਨਿਆਂ ਸੰਹਿਤਾ ਦੀ ਧਾਰਾ 85 ਤਹਿਤ ਔਰਤ ਨਾਲ ਕਠੋਰਤਾ, ਧਾਰਾ 108 ਤਹਿਤ ਖ਼ੁਦਕੁਸ਼ੀ ਲਈ ਉਕਸਾਉਣ ਅਤੇ ਧਾਰਾ 3(5) ਤਹਿਤ ਸਾਂਝੀ ਸਾਜ਼ਿਸ਼ ਦੇ ਦੋਸ਼ਾਂ ਤਹਿਤ ਮੁਲਜ਼ਮ ਬਣਾਇਆ ਹੈ।
ਸੀਬੀਆਈ ਦੀ Chargesheet ਮੁਤਾਬਕ ਟਵਿਸ਼ਾ ਲਗਾਤਾਰ ਮਾਨਸਿਕ ਤਸ਼ੱਦਦ ਦਾ ਸਾਹਮਣਾ ਕਰ ਰਹੀ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।





