ਮਿਡ-ਡੇ-ਮੀਲ ਖਾਣ ਮਗਰੋਂ 18 ਵਿਦਿਆਰਥੀ ਬਿਮਾਰ!
ਨਾਲੰਦਾ, 19 ਅਗਸਤ 2026:
ਬਿਹਾਰ ਦੇ ਨਾਲੰਦਾ ਜ਼ਿਲ੍ਹੇ ਤੋਂ ਸਕੂਲੀ ਬੱਚਿਆਂ ਦੀ ਸਿਹਤ ਨਾਲ ਜੁੜਿਆ ਲਾਪਰਵਾਹੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਿਡ-ਡੇ-ਮੀਲ ਤਹਿਤ ਬੱਚਿਆਂ ਨੂੰ ਪਰੋਸੀ ਗਈ ਸੋਇਆਬੀਨ ਦੀ ਸਬਜ਼ੀ ਵਿੱਚ ਕਥਿਤ ਤੌਰ ’ਤੇ ਨਮਕ ਦੀ ਥਾਂ ਸਰਫ ਪਾ ਦਿੱਤਾ ਗਿਆ। ਇਹ ਖਾਣਾ ਖਾਣ ਤੋਂ ਬਾਅਦ ਕਰੀਬ 18 ਵਿਦਿਆਰਥਣਾਂ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਇਹ ਮਾਮਲਾ ਨਾਲੰਦਾ ਦੇ ਨੂਰਸਰਾਏ ਥਾਣਾ ਖੇਤਰ ਅਧੀਨ ਪੈਂਦੇ ਪਰਾਸੀ ਮਿਡਲ ਸਕੂਲ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮਿਡ-ਡੇ-ਮੀਲ ਖਾਣ ਤੋਂ ਕੁਝ ਸਮੇਂ ਬਾਅਦ ਬੱਚਿਆਂ ਨੇ ਸਿਹਤ ਸਬੰਧੀ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਸਕੂਲ ਪ੍ਰਬੰਧਨ ਵੱਲੋਂ ਪ੍ਰਭਾਵਿਤ ਵਿਦਿਆਰਥਣਾਂ ਨੂੰ ਬਿਹਾਰਸ਼ਰੀਫ ਮਾਡਲ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਬੱਚਿਆਂ ਦੇ ਮਾਪੇ ਵੀ ਹਸਪਤਾਲ ਪਹੁੰਚ ਗਏ। ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰਾਂ ਦੇ ਇਕੱਠੇ ਹੋਣ ਕਾਰਨ ਕੁਝ ਸਮੇਂ ਲਈ ਹਸਪਤਾਲ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਆਪਣੇ ਬੱਚਿਆਂ ਦੀ ਤਬੀਅਤ ਵਿਗੜੀ ਦੇਖ ਕੇ ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ਰਿਹਾ।
ਡਾਕਟਰਾਂ ਮੁਤਾਬਕ, ਜ਼ਿਆਦਾਤਰ ਬੱਚਿਆਂ ਦੀ ਹਾਲਤ ਸਥਿਰ ਹੈ ਅਤੇ ਸਾਰਿਆਂ ਦੀ ਸਿਹਤ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਘਟਨਾ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਦੀ ਗੁਣਵੱਤਾ ਅਤੇ ਤਿਆਰੀ ਦੌਰਾਨ ਵਰਤੀ ਜਾਂਦੀ ਸਾਵਧਾਨੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।





