Breaking: ਹੋਟਲ ’ਚ ਭਿਆਨਕ ਅੱਗ, ਬੱਚੇ ਸਮੇਤ 9 ਦੀ ਮੌਤ; 6 ਹਸਪਤਾਲ ਦਾਖ਼ਲ
ਕੋਲਕਾਤਾ, 19 ਅਗਸਤ 2026:
ਕੋਲਕਾਤਾ ਦੀ ਫ੍ਰੀ ਸਕੂਲ ਸਟਰੀਟ ਸਥਿਤ ਇੱਕ ਹੋਟਲ ਵਿੱਚ ਮੰਗਲਵਾਰ ਦੇਰ ਰਾਤ ਭਿਆਨਕ ਅੱਗ ਲੱਗਣ ਕਾਰਨ ਬੱਚੇ ਸਮੇਤ 9 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ ਇਹ ਹੋਟਲ ਨਿਊ ਮਾਰਕੀਟ ਇਲਾਕੇ ਦੇ ਨੇੜੇ ਸਥਿਤ ਹੈ। ਅੱਗ ਲੱਗਣ ਸਮੇਂ ਹੋਟਲ ਦੇ ਅੰਦਰ ਕਈ ਲੋਕ ਮੌਜੂਦ ਸਨ ਅਤੇ ਕੁਝ ਲੋਕ ਅੰਦਰ ਹੀ ਫਸ ਗਏ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਕਾਫ਼ੀ ਜੱਦੋਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਰਾਹਤ ਅਤੇ ਬਚਾਅ ਕਾਰਜ ਦੌਰਾਨ ਕਈ ਲੋਕਾਂ ਨੂੰ ਹੋਟਲ ਵਿੱਚੋਂ ਬਾਹਰ ਕੱਢਿਆ ਗਿਆ। ਅਧਿਕਾਰੀਆਂ ਮੁਤਾਬਕ 9 ਲੋਕਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਲਿਆਂਦਾ ਗਿਆ, ਪਰ ਬਾਅਦ ਵਿੱਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਹੋ ਗਈ। ਮ੍ਰਿਤਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।
ਮੁੱਢਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਏਅਰ ਕੰਡੀਸ਼ਨਰ ਵਿੱਚ ਧਮਾਕਾ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਅੱਗ ਦੇ ਅਸਲ ਕਾਰਨਾਂ ਦੀ ਪੁਸ਼ਟੀ ਲਈ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਤਾਰਾਪੀਠ ਦੇ ਇੱਕ ਹੋਟਲ ਵਿੱਚ ਵਾਪਰੀ ਅੱਗ ਦੀ ਘਟਨਾ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਕਾਰਨ ਸ਼ਹਿਰ ਵਿੱਚ ਹੋਟਲਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ।





