ਦੁਖਦਾਈ ਖ਼ਬਰ: ਕੁਵੈਤ ’ਚ ਇਮਾਰਤ ਨੂੰ ਲੱਗੀ ਭਿਆਨਕ ਅੱਗ, ਪੰਜਾਬੀ ਨੌਜਵਾਨ ਦੀ ਮੌਤ; ਹੋਰਨਾਂ ਨੂੰ ਬਚਾਉਂਦੇ ਖੁਦ ਝੁਲਸਿਆ

Top Trending News ਕੌਮਾਂਤਰੀ ਪੰਜਾਬ

 

ਦੁਖਦਾਈ ਖ਼ਬਰ: ਕੁਵੈਤ ’ਚ ਇਮਾਰਤ ਨੂੰ ਲੱਗੀ ਭਿਆਨਕ ਅੱਗ, ਪੰਜਾਬੀ ਨੌਜਵਾਨ ਦੀ ਮੌਤ; ਹੋਰਨਾਂ ਨੂੰ ਬਚਾਉਂਦੇ ਖੁਦ ਝੁਲਸਿਆ

ਮਜੀਠਾ, 19 ਅਗਸਤ 2026

ਹਲਕਾ ਮਜੀਠਾ ਦੇ ਪਿੰਡ ਪੰਧੇਰ ਕਲਾਂ ਨਾਲ ਸਬੰਧਤ 35 ਸਾਲਾ ਨੌਜਵਾਨ ਜਗਤਾਰ ਸਿੰਘ ਦੀ ਕੁਵੈਤ ਵਿੱਚ ਵਾਪਰੀ ਦਰਦਨਾਕ ਘਟਨਾ ਦੌਰਾਨ ਮੌਤ ਹੋ ਗਈ। ਦੇਰ ਰਾਤ ਚਾਰ ਮੰਜ਼ਿਲਾ ਇਮਾਰਤ ਵਿੱਚ ਅਚਾਨਕ ਅੱਗ ਲੱਗਣ ਕਾਰਨ ਜਗਤਾਰ ਸਿੰਘ ਅੱਗ ਦੀ ਲਪੇਟ ਵਿੱਚ ਆ ਗਿਆ। ਘਟਨਾ ਦੀ ਖ਼ਬਰ ਪਿੰਡ ਪਹੁੰਚਦਿਆਂ ਹੀ ਸੋਗ ਦੀ ਲਹਿਰ ਦੌੜ ਗਈ।

ਪਰਿਵਾਰਕ ਮੈਂਬਰਾਂ ਮੁਤਾਬਕ ਜਗਤਾਰ ਸਿੰਘ ਪਿਛਲੇ ਕਰੀਬ ਪੰਜ ਸਾਲਾਂ ਤੋਂ ਕੁਵੈਤ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਰਹਿ ਰਿਹਾ ਸੀ। ਉਹ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ ਅਤੇ ਆਪਣੇ ਦੋ ਛੋਟੇ ਬੱਚਿਆਂ ਦੇ ਭਵਿੱਖ ਲਈ ਵਿਦੇਸ਼ ਵਿੱਚ ਮਿਹਨਤ ਕਰ ਰਿਹਾ ਸੀ। ਪਰਿਵਾਰ ਅਨੁਸਾਰ ਉਸ ਨੇ ਜਲਦ ਹੀ ਘਰ ਪਰਤਣਾ ਸੀ ਅਤੇ ਸਾਰੇ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਸਨ।

ਮ੍ਰਿਤਕ ਦੇ ਸਹੁਰੇ ਪਰਿਵਾਰ ਨਾਲ ਸਬੰਧਤ ਸਤਪਾਲ ਸਿੰਘ ਨੇ ਦੱਸਿਆ ਕਿ ਅੱਗ ਰਾਤ ਕਰੀਬ ਇੱਕ ਵਜੇ ਲੱਗੀ। ਜਗਤਾਰ ਸਿੰਘ ਨੇ ਸਭ ਤੋਂ ਪਹਿਲਾਂ ਹੋਰ ਨੌਜਵਾਨਾਂ ਨੂੰ ਜਗਾ ਕੇ ਅੱਗ ਬਾਰੇ ਸੁਚੇਤ ਕੀਤਾ ਅਤੇ ਉਨ੍ਹਾਂ ਨੂੰ ਬਾਹਰ ਨਿਕਲਣ ਵਿੱਚ ਮਦਦ ਕੀਤੀ। ਕਈ ਲੋਕ ਸੁਰੱਖਿਅਤ ਬਾਹਰ ਆ ਗਏ, ਪਰ ਜ਼ਰੂਰੀ ਸਮਾਨ ਲੈਣ ਲਈ ਮੁੜ ਉੱਪਰ ਜਾਣ ਦੌਰਾਨ ਉਹ ਅੱਗ ਦੀ ਲਪੇਟ ਵਿੱਚ ਆ ਗਿਆ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਜਗਤਾਰ ਸਿੰਘ ਦੀ ਮ੍ਰਿਤਕ ਦੇਹ ਜਲਦ ਭਾਰਤ ਲਿਆਉਣ ਦੀ ਮੰਗ ਕੀਤੀ ਹੈ।