ਵੱਡੀ ਖ਼ਬਰ: ਨਕਲ ਕਾਂਡ ਦੇ 26 ਵਿਦਿਆਰਥੀਆਂ ਨੂੰ ਅਦਾਲਤ ਵੱਲੋਂ ਤੁਰੰਤ ਜ਼ਮਾਨਤ, ਕਿਹਾ-‘ਸਿਰਫ਼ ਮਾਮਲੇ ਦੀ ਗੰਭੀਰਤਾ ਦੇ ਆਧਾਰ ’ਤੇ ਜੇਲ੍ਹ ਨਹੀਂ ਰੱਖ ਸਕਦੇ’
ਫ਼ਰੀਦਕੋਟ, 20 ਅਗਸਤ 2026:
ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਫਾਰਮੇਸੀ ਅਫ਼ਸਰ ਦੀ ਪ੍ਰੀਖਿਆ ਵਿੱਚ ਕਥਿਤ ਤੌਰ ’ਤੇ ਅੰਤਰਰਾਜੀ ਗਰੋਹ ਰਾਹੀਂ ਨਕਲ ਕਰਵਾਉਣ ਦੇ ਮਾਮਲੇ ਵਿੱਚ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ 26 ਵਿਦਿਆਰਥੀਆਂ ਨੂੰ ਅਦਾਲਤ ਨੇ ਤੁਰੰਤ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।
ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਮਾਮਲਾ ਬੇਹੱਦ ਗੰਭੀਰ ਹੈ, ਇਸ ਲਈ ਮੁਲਜ਼ਮਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ। ਇਸ ’ਤੇ ਅਦਾਲਤ ਨੇ ਕਿਹਾ ਕਿ ਸਿਰਫ਼ ਮਾਮਲੇ ਦੀ ਗੰਭੀਰਤਾ ਦੇ ਆਧਾਰ ’ਤੇ ਨੌਜਵਾਨਾਂ ਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ।
ਵਿਦਿਆਰਥੀਆਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪੁਲੀਸ ਵੱਲੋਂ ਉਨ੍ਹਾਂ ’ਤੇ ਅੰਤਰਰਾਜੀ ਗਰੋਹ ਵਿੱਚ ਸ਼ਾਮਲ ਹੋਣ ਦੇ ਲਾਏ ਦੋਸ਼ ਬੇਬੁਨਿਆਦ ਹਨ। ਬਚਾਅ ਪੱਖ ਨੇ ਇਹ ਵੀ ਦਲੀਲ ਦਿੱਤੀ ਕਿ ਵਿਦਿਆਰਥੀਆਂ ਵਿਰੁੱਧ ਕਾਰਵਾਈ ਕਰਦਿਆਂ ਪੁਲੀਸ ਨੇ ਕਾਨੂੰਨੀ ਪ੍ਰਕਿਰਿਆ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ। ਅਦਾਲਤ ਦੇ ਇਸ ਫ਼ੈਸਲੇ ਨਾਲ ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ।





