Canada PM ਨੇ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾ! ਸਿੱਖ ਭਾਈਚਾਰੇ ਨਾਲ ਪ੍ਰਗਟਾਈ ਹਮਦਰਦੀ

Top Trending News ਕੌਮਾਂਤਰੀ

 

Canada PM ਨੇ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾ! ਸਿੱਖ ਭਾਈਚਾਰੇ ਨਾਲ ਪ੍ਰਗਟਾਈ ਹਮਦਰਦੀ

ਓਟਾਵਾ/ਚੰਡੀਗੜ੍ਹ, 22 ਅਗਸਤ 2026

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਡਮੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਹਮਲੇ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਜ਼ਖ਼ਮੀ ਹੋਏ ਦੋ ਸਿੱਖਾਂ ਅਤੇ ਭਾਈਚਾਰੇ ਨਾਲ ਹਮਦਰਦੀ ਪ੍ਰਗਟਾਈ ਹੈ। ਇਹ ਘਟਨਾ ਕਨੇਡੀਅਨ ਸਮੇਂ ਮੁਤਾਬਕ ਸ਼ੁੱਕਰਵਾਰ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਦੌਰਾਨ ਵਾਪਰੀ ਸੀ।

ਕਾਰਨੀ ਨੇ ਜਾਰੀ ਬਿਆਨ ਵਿੱਚ ਘਟਨਾ ਨੂੰ ਬੇਹੱਦ ਮੰਦਭਾਗੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਧਾਰਮਿਕ ਅਸਥਾਨ ’ਤੇ ਅਸੁਰੱਖਿਅਤ ਮਹਿਸੂਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਘਟਨਾ ’ਤੇ ਤੁਰੰਤ ਕਾਰਵਾਈ ਕਰਨ ਲਈ ਐਡਮੰਟਨ ਪੁਲਿਸ ਸੇਵਾ ਦਾ ਧੰਨਵਾਦ ਵੀ ਕੀਤਾ।

ਪੁਲਿਸ ਮੁਤਾਬਕ, ਹਮਲੇ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਘਟਨਾ ਸਬੰਧੀ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਅਨੁਸਾਰ ਜ਼ਖ਼ਮੀ ਵਿਅਕਤੀ ਬਜ਼ੁਰਗ ਸਨ।

ਪੁਲਿਸ ਵੱਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਹਮਲਾ ਨਫ਼ਰਤੀ ਭਾਵਨਾ ਤੋਂ ਪ੍ਰੇਰਿਤ ਸੀ ਜਾਂ ਨਹੀਂ। ਘਟਨਾ ਮਗਰੋਂ ਅਲਬਰਟਾ ਦੇ ਸਿੱਖ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਹੈ।